ਸਾਹਨੇਵਾਲ, 5 ਸਤੰਬਰ (ਹਨੀ ਚਾਠਲੀ)-ਸੀ. ਐੱਚ. ਸੀ. ਸਾਹਨੇਵਾਲ ਵਿਖੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਡਾ. ਗੁਰਦੀਪ ਸਿੰਘ ਉਮੈਦਪੁਰ ਨੂੰ ਅਗਲੇਰੀ ਵਿੱਦਿਆ ਹਾਸਿਲ ਕਰਨ ਲਈ ਪਟਿਆਲਾ ਵਿਖੇ ਜਾਣ ਤੋਂ ਪਹਿਲਾਂ ਜਿਥੇ ਸੀ. ਐੱਚ. ਸੀ. ਸਾਹਨੇਵਾਲ ਦੇ ਸਮੂਹ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਉਥੇ ਹੀ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਨੰਦਪੁਰ ਸਾਹਨੇਵਾਲ ਦੇ ਮੀਤ ਪ੍ਰਧਾਨ ਮਲਕੀਤ ਸਿੰਘ ਹਰਾ ਤੇ ਸਮਾਜ ਸੇਵੀ ਯਾਦਵਿੰਦਰ ਸਿੰਘ ਵਲੋਂ ਡਾ. ਗੁਰਦੀਪ ਸਿੰਘ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮਲਕੀਤ ਸਿੰਘ ਹਰਾ ਨੇ ਡਾ. ਗੁਰਦੀਪ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਡਾ. ਗੁਰਦੀਪ ਸਿੰਘ ਨੇ ਸੀ. ਐੱਚ. ਸੀ. ਸਾਹਨੇਵਾਲ ਵਿਖੇ ਵਧੀਆਂ ਸੇਵਾਵਾਂ ਨਿਭਾਈਆਂ ਹਨ ਤੇ ਅਜਿਹੇ ਡਾ. ਹਮੇਸ਼ਾ ਲੋਕਾਂ ਦੇ ਦਿਲਾਂ 'ਚ ਵੱਸਦੇ ਹਨ | ਇਸ ਮੌਕੇ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਲਈ ਜਾਂਦੀ ਨੀਟ ਪੀ. ਜੀ. ਪ੍ਰੀਖਿਆ ਪੂਰੀ ਕਰਨ ਉਪਰੰਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਰੇਡੀਓ ਡਾਇਗਨੋਟਿਕ ਵਿਭਾਗ ਵਿਚ ਸਪੈਸ਼ਲਿਟੀ ਕਰਨ ਜਾ ਰਿਹਾ ਹਾਂ | ਉਨ੍ਹਾਂ ਅੱਗੇ ਦੱਸਿਆ ਕਿ 8 ਮਾਰਚ 2016 ਨੰੂ ਮੈਨੰੂ ਪੰਜਾਬ ਸਰਕਾਰ ਦੀ ਨੌਕਰੀ ਮਾਨਸਾ ਜ਼ਿਲ੍ਹੇ ਦੇ ਸੀ. ਐੱਚ. ਸੀ. ਬਰੇਟਾ ਤੋਂ ਸ਼ੁਰੂ ਕੀਤੀ, ਜਿਸ ਤੋਂ ਬਾਅਦ ਵੱਖ-ਵੱਖ ਸਰਕਾਰੀ ਸੰਸਥਾਵਾਂ ਵਿਖੇ ਸੇਵਾਵਾਂ ਨਿਭਾਈਆਂ, ਜਿਨ੍ਹਾਂ 'ਚ ਸੀ. ਐੱਚ. ਸੀ. ਪਾਇਲ, ਬੱਸੀ ਪਠਾਣਾਂ, ਅਮਲੋਹ, ਸਾਹਨੇਵਾਲ, ਕੰੂਮਕਲਾਂ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਸਰਕਾਰੀ ਹਸਪਤਾਲ ਤਲਵਾੜਾ ਵਿਖੇ ਸੇਵਾ ਨਿਭਾਈ ਹੈ | ਉਨ੍ਹਾਂ ਕਿਹਾ ਕਿ ਮੈਂ ਅੱਜ ਸਾਹਨੇਵਾਲ ਤੋਂ ਅਗਲੇਰੀ ਪੜ੍ਹਾਈ ਲਈ ਪਟਿਆਲਾ ਜਾ ਰਿਹਾ ਹਾਂ | ਡਾ. ਗੁਰਦੀਪ ਸਿੰਘ ਨੇ ਸੀ. ਐੱਚ. ਸੀ. ਸਾਹਨੇਵਾਲ ਦੇ ਸਮੂਹ ਸਟਾਫ਼ ਤੋਂ ਇਲਾਵਾ ਮਲਕੀਤ ਸਿੰਘ ਹਰਾ, ਯਾਦਵਿੰਦਰ ਸਿੰਘ ਯਾਦੂ ਦਾ ਧੰਨਵਾਦ ਕੀਤਾ | ਇਸ ਮੌਕੇ ਐਕਟਿੰਗ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਜੋਤ ਕੌਰ, ਗੁਰਜੀਤ ਸਿੰਘ ਤੇ ਸੀ. ਐੱਚ. ਸੀ. ਸਾਹਨੇਵਾਲ ਦੇ ਸਟਾਫ਼ ਮੈਂਬਰ ਹਾਜ਼ਰ ਸਨ |