ਬੀਜਾ, 22 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)- ਪੰਜਾਬ 'ਚ ਬਾਸਮਤੀ ਝੋਨੇ ਦੀ ਵਢਾਈ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ ਪਰ ਪਿਛਲੇ ਸਮੇਂ ਦੌਰਾਨ ਹੋਈ ਬਰਸਾਤ ਕਾਰਨ ਬਾਸਮਤੀ ਝੋਨੇ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਅੱਧਾ ਰਹਿ ਗਿਆ ਹੈ, ਜਿਸ ਕਾਰਨ ਕਿਸਾਨ ਨਿਰਾਸ਼ਾ ਦੇ ਆਲਮ ਵਿਚ ਹਨ | ਪੰਜਾਬ ਵਿਚ ਆਏ ਹੜ੍ਹਾਂ ਨੇ ਇੱਕ ਦਰਜਨ ਦੇ ਕਰੀਬ ਜ਼ਿਲਿ੍ਹਆਂ ਨੂੰ ਆਪਣੀ ਲਪੇਟ 'ਚ ਲਿਆ ਹੈ ਜਿੱਥੇ ਫ਼ਸਲਾਂ ਬਿਲਕੁਲ ਤਬਾਹ ਹੋ ਗਈਆਂ, ਕੁੱਝ ਬਚੇ ਜ਼ਿਲਿਆਂ ਵਿਚ ਖੜ੍ਹੇ ਝੋਨੇ ਨੂੰ ਬਿਮਾਰੀਆਂ ਨੇ ਆਪਣੀ ਲਪੇਟ ਵਿਚ ਲਿਆ ਹੈ | ਰਾਜੇਵਾਲ ਜਥੇਬੰਦੀ ਦੇ ਸਮਰਾਲਾ ਤੋਂ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੂਰਬਾ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀਆਂ ਸਿਫ਼ਾਰਸ਼ਾਂ ਕੀਤੀਆਂ ਕਿਸਮਾਂ ਹੀ ਕਿਸਾਨਾਂ ਵੱਲੋਂ ਬੀਜੀਆਂ ਗਈਆਂ ਸਨ ਜਿਨ੍ਹਾਂ ਵਿਚ ਪੀ. ਆਰ. 131 ਨੂੰ ਪਏ ਬੌਣੇ ਰੋਗ ਕਾਰਨ ਕਈ ਕਿਸਾਨਾਂ ਵੱਲੋਂ ਉਸ ਨੂੰ ਖੇਤ ਵਿਚ ਹੀ ਵਾਹੁਣ ਲਈ ਮਜਬੂਰ ਹੋਣਾ ਪਿਆ | ਝੋਨੇ ਦੀਆਂ ਹੋਰ ਕਿਸਮਾਂ ਜਿਵੇਂ 126, 128, 132, ਉਤੇ ਵੀ ਬੌਣੇ ਰੋਗ ਨੇ ਹਮਲਾ ਕੀਤਾ ਹੈ | ਪਿਛਲੇ ਦਿਨਾਂ ਵਿਚ ਮੌਸਮ ਵਿਚ ਆਈ ਤਬਦੀਲੀ ਨੇ ਝੋਨੇ ਵਿਚ ਬੌਣੇ ਰੋਗ ਤੋਂ ਇਲਾਵਾ ਹਲਦੀ ਰੋਗ ਨੇ ਅਪਣੀ ਲਪੇਟ ਵਿਚ ਲਿਆ ਹੈ | ਹਰ ਇਕ ਕਿਸਾਨ ਦੇ ਖੇਤ ਵਿਚ ਹਲਦੀ ਰੋਗ ਪਿਆ ਹੈ, ਜਿਸ ਦਾ ਝਾੜ 'ਤੇ ਬਹੁਤ ਜ਼ਿਆਦਾ ਅਸਰ ਪਵੇਗਾ ਕਿਉਂਕਿ ਦਾਣਾ ਇਸ ਰੋਗ ਨਾਲ ਬਿਲਕੁਲ ਖ਼ਤਮ ਹੋ ਜਾਂਦਾ ਹੈ | ਬਾਸਮਤੀ ਝੋਨੇ ਦਾ ਝਾੜ ਵੀ 12 ਕੁਇੰਟਲ ਤੋਂ ਲੈ ਕੇ 15, 16 ਕੁਇੰਟਲ ਤੱਕ ਨਿਕਲਦਾ ਹੈ, ਜਿਸ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ | ਪਰਮਲ ਝੋਨਾ ਜਿਸ ਦੀ ਵਢਾਈ ਅਜੇ ਨਾ ਮਾਤਰ ਹੀ ਸ਼ੁਰੂ ਹੋਈ ਹੈ ਉਸ ਦਾ ਝਾੜ ਵੀ ਘੱਟ ਹੀ ਰਹੇਗਾ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੁਦਰਤੀ ਕਰੋਪੀ ਕਾਰਨ ਹਲਦੀ ਰੋਗ ਝੋਨੇ ਦੀ ਮੰਡੀਆਂ ਵਿਚ ਵਿਕਣ ਵੇਲੇ ਲੁੱਟ ਨਾ ਕੀਤੀ ਜਾਵੇ ਅਤੇ ਨਮੀ ਦੀ ਮਾਤਰਾ ਵੀ ਘੱਟੋ ਘੱਟ 22 ਰੱਖੀ ਜਾਵੇ | ਪੰਜਾਬ ਸਰਕਾਰ ਤੁਰੰਤ ਬੌਣੇ ਰੋਗ ਵਾਲੇ ਝੋਨੇ ਅਤੇ ਮੌਸਮ ਕਾਰਨ ਝਾੜ 'ਤੇ ਪਏ ਅਸਰ ਦਾ ਮੁਆਇਨਾ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ |