ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਲਿਬੜਾ ਦੇ 70 ਫ਼ੀਸਦੀ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਮੁੱਖ ਕਾਂਗਰਸੀ ਅਤੇ ਘੱਟ ਗਿਣਤੀ ਆਗੂ ਸਿਤਾਰ ਮੁਹੰਮਦ ਲਿਬੜਾ ਨੇ ਕੀਤਾ | ਸਿਤਾਰ ਮੁਹੰਮਦ ਲਿਬੜਾ ਨੇ ਦੱਸਿਆ ਕਿ ਪਿੰਡ ਲਿਬੜਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਜੋ ਪਹਿਲਾਂ ਥਾਂ ਸੀ, ਉਸ ਥਾਂ ਵਿਚ ਕਈ ਅੜਿੱਕੇ ਸਨ, ਜਿਸ ਕਰਕੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀ ਅਤੇ ਇਸੇ ਪ੍ਰੇਸ਼ਾਨੀ ਕਰਕੇ ਅਕਤੂਬਰ 2024 ਵਿਚ ਪੰਚਾਇਤ ਦੀ ਚੋਣ ਵੇਲੇ ਪਿੰਡ ਵਾਸੀਆਂ ਨੇ ਇਹ ਗੱਲ ਪਿੰਡ ਦੀ ਸਰਪੰਚੀ ਦੀ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਅੱਗੇ ਰੱਖੀ ਸੀ ਕਿ ਜਿਹੜਾ ਇਸ ਅੜਿੱਕੇ ਨੰੂ ਦੂਰ ਕਰਕੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਸਕਦਾ ਹੋਵੇ, ਪਿੰਡ ਦੇ ਲੋਕ ਉਸ ਨੰੂ ਹੀ ਸਰਬ-ਸੰਮਤੀ ਨਾਲ ਸਰਪੰਚ ਬਣਾਉਣਗੇ, ਜਿਸ ਕਰਕੇ ਜਸਦੀਪ ਸਿੰਘ ਲਿਬੜਾ ਨੰੂ ਸਰਵਸੰਮਤੀ ਨਾਲ ਪਿੰਡ ਲਿਬੜਾ ਦਾ ਸਰਪੰਚ ਬਣਾਇਆ ਗਿਆ ਅਤੇ ਸਾਰੇ ਮੈਂਬਰ ਪੰਚਾਇਤ ਵੀ ਸਰਬਸੰਮਤੀ ਨਾਲ ਬਣਾਏ ਗਏ | ਬੇਸ਼ੱਕ ਗੰਦੇ ਪਾਣੀ ਦੀ ਨਿਕਾਸੀ ਲਈ ਹੁਣ ਅੜਿੱਕਾ ਵੀ ਦੂਰ ਹੋ ਚੁੱਕਿਆ, ਪੰਚਾਇਤ ਕੋਲ ਪੈਸੇ ਵੀ ਪਏ ਹਨ ਅਤੇ ਬਰਸਾਤ ਦਾ ਮੌਸਮ ਵੀ ਖ਼ਤਮ ਹੋ ਚੁੱਕਿਆ ਪਰ ਸਭ ਕੁੱਝ ਦੇ ਬਾਵਜੂਦ ਵੀ ਕਿਸੇ ਸੰਬੰਧਿਤ ਬੀ. ਡੀ. ਪੀ. ਓ., ਐਸ. ਡੀ. ਐਮ ਜਾਂ ਫ਼ਿਰ ਮੰਤਰੀ ਨੇ ਪਿੰਡ ਲਿਬੜਾ ਦੇ ਲੋਕਾਂ ਨੰੂ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਪਿੰਡ ਦਾ ਦੌਰਾ ਨਹੀਂ ਕੀਤਾ | ਪਿੰਡ ਦੇ ਲੋਕ ਪ੍ਰਸ਼ਾਸਨ ਅਤੇ ਸਰਕਾਰ ਦੀ ਨਾਲਾਇਕੀ ਕਰਕੇ ਪਿਛਲੇ ਇੱਕ ਸਾਲ ਤੋਂ ਅੱਜ ਤੱਕ ਇਹ ਨਰਕ ਭਰੀ ਜ਼ਿੰਦਗੀ ਭੋਗ ਰਹੇ ਹਨ | ਸਿਤਾਰ ਮੁਹੰਮਦ ਲਿਬੜਾ ਨੇ ਅੱਗੇ ਦੱਸਿਆ ਕਿ ਉਹ ਖ਼ੁਦ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਲਗਭਗ ਪਿਛਲੇ 3-4 ਮਹੀਨੇ ਤੋਂ ਆਪਣੇ ਘਰ ਦੇ ਡਰਾਇੰਗ ਰੂਮ ਦਾ ਗੇਟ ਵੀ ਇਸ ਗੰਦੇ ਪਾਣੀ ਦੀ ਭਰਮਾਰ ਕਰਕੇ ਬੰਦ ਕਰ ਰੱਖਿਆ ਅਤੇ ਡਰਾਇੰਗ ਰੂਮ 'ਚ ਵੀ ਗੰਦੇ ਪਾਣੀ ਦਾ ਮੁਸ਼ਕ ਮਾਰਦਾ ਹੈ | ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਿੰਡ ਲਿਬੜਾ ਨਿਵਾਸੀਆਂ ਨੇ ਇਸ ਮਸਲੇ ਨੰੂ ਇਕ ਵਾਰ ਫਿਰ ਪੰਚਾਇਤ, ਪ੍ਰਸ਼ਾਸਨ ਅਤੇ ਇਸ ਸਬੰਧੀ ਪੰਚਾਇਤ ਮੰਤਰੀ ਦੇ ਧਿਆਨ ਵਿਚ ਲਿਆ ਕੇ ਪ੍ਰਸ਼ਾਸਨ ਅਤੇ ਸਰਕਾਰ ਨੰੂ ਕੰੁਭਕਰਨੀ ਨੀਂਦ ਤੋਂ ਜਗਾਉਣ ਲਈ ਸੰਘਰਸ਼ ਦਾ ਰਾਹ ਅਪਣਾਉਣ ਦਾ ਫ਼ੈਸਲਾ ਕੀਤਾ ਹੈ |