ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਐਨ. ਐਸ. ਐਸ. ਅਤੇ ਰੈੱਡ ਰਿਬਨ ਕਲੱਬ ਵੱਲੋਂ ਭਾਈ ਘਨੱਈਆ ਦੀ ਯਾਦ ਵਿਚ ਮਾਨਵ ਸੇਵਾ ਦਿਵਸ ਮਨਾਉਣ ਲਈ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਭਾਈ ਘਨੱਈਆ ਜੀ ਦੇ ਜੀਵਨ, ਮਾਨਵਤਾ ਦੀ ਭਲਾਈ ਲਈ ਉਨ੍ਹਾਂ ਦਾ ਯੋਗਦਾਨ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਆਦਿ ਦੇ ਵਿਸ਼ਿਆਂ 'ਤੇ ਲੈਕਚਰ ਵੀ ਕਰਵਾਏ ਗਏ, ਜਿਸ ਵਿਚ ਵਿਦਿਆਰਥਣਾਂ ਸੋਨਪ੍ਰੀਤ ਕੌਰ, ਖੁਸ਼ਦੀਪ ਕੌਰ ਤੇ ਸ਼ਵੇਤਾ ਨੇ ਭਾਗ ਲਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਡਾ. ਮੰਜੂ ਸੱਦੀ (ਇੰਚਾਰਜ ਐਨ. ਐਸ. ਐਸ.) ਨੇ ਵਿਦਿਆਰਥੀਆਂ ਨੂੰ ਭਾਈ ਘਨੱਈਆ ਜੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੁਆਰਾ ਮਾਨਵਤਾ ਦੀ ਭਲਾਈ ਲਈ ਕੀਤੇ ਕੰਮਾਂ ਬਾਰੇ ਦੱਸਿਆ ਅਤੇ ਵੱਧ ਰਹੇ ਨਸ਼ਿਆਂ 'ਤੇ ਠੱਲ੍ਹ ਪਾਉਣ ਬਾਰੇ ਵਿਚਾਰ ਸਾਂਝੇ ਕੀਤੇ | ਉਪਰੰਤ ਡਾ. ਰੂਪਾ ਕੌਰ (ਪੰਜਾਬੀ ਵਿਭਾਗ) ਨੇ ਵਿਦਿਆਰਥੀਆਂ ਨੂੰ ਚੰਗੇ ਗੁਣਾਂ ਦੀ ਪਛਾਣ ਕਰਨ ਬਾਰੇ ਸਮਝਾਉਂਦਿਆਂ ਸੂਰਤ ਦੀ ਬਜਾਏ ਸੀਰਤ ਨੂੰ ਭਾਵ ਆਪਣੇ ਅੰਦਰੂਨੀ ਗੁਣਾਂ ਦੀ ਪਛਾਣ ਕਰਨ ਨੂੰ ਤਰਜੀਹ ਦੇਣ ਬਾਰੇ ਦੱਸਿਆ ਤੇ ਵਿਦਿਆਰਥੀਆਂ ਨੂੰ ਸਮਾਜ ਭਲਾਈ ਦੇ ਕਾਰਜਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ | ਉਨ੍ਹਾਂ ਨੇ ਹਾਜ਼ਰੀਨ ਸਭ ਦਾ ਧੰਨਵਾਦ ਕੀਤਾ | ਕਾਲਜ ਪਿ੍ੰਸੀਪਲ ਡਾ. ਗਗਨਦੀਪ ਸਿੰਘ ਨੇ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਮਾਨਵਤਾ ਦੀ ਸੇਵਾ ਲਈ ਵੱਧ ਤੋਂ ਵੱਧ ਕਾਰਜ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਚੰਗੇਰੇ ਭਵਿੱਖ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ |