ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. ਖੰਨਾ ਦੇ ਸਕੱਤਰ ਕੁਲਵਿੰਦਰ ਸਿੰਘ, ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ, ਲੋਕ ਸੰਘਰਸ਼ ਕਮੇਟੀ ਖੰਨਾ ਦੇ ਸਕੱਤਰ ਜਗਦੇਵ ਸਿੰਘ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਖੰਨਾ ਦੇ ਪ੍ਰਧਾਨ ਗੁਰਸੇਵਕ ਸਿੰਘ ਮੋਹੀ ਵੱਲੋਂ ਸਾਂਝੇ ਤੌਰ 'ਤੇ ਕਿਹਾ ਗਿਆ ਕਿ ਹੁਸ਼ਿਆਰਪੁਰ 'ਚ ਇਕ ਪ੍ਰਵਾਸੀ ਮਜ਼ਦੂਰ ਵਲੋਂ ਇੱਕ ਬੱਚੇ ਨਾਲ ਕੀਤੀ ਦਰਿੰਦਗੀ ਪੂਰਨ ਕਾਰਵਾਈ ਸ਼ਰਮਨਾਕ ਹੈ | ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ | ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਬਿਨਾਂ ਸ਼ੱਕ ਉਸ ਵਿਅਕਤੀ ਵੱਲੋਂ ਕੀਤਾ ਗੁਨਾਹ ਨਾ ਬਖਸ਼ਣਯੋਗ ਹੈ ਪਰ ਇੱਕ ਵਿਅਕਤੀ ਦੇ ਅਜਿਹੇ ਗੁਨਾਹ ਨੂੰ ਉਸਦੇ ਸਮੁੱਚੇ ਭਾਈਚਾਰੇ ਨਾਲ ਜੋੜ ਕੇ ਸਮੁੱਚੇ ਭਾਈਚਾਰੇ ਨੂੰ ਲੋਕਾਂ ਦੀ ਨਫ਼ਰਤ ਦਾ ਨਿਸ਼ਾਨਾ ਬਣਾਉਣ ਵਾਲਾ ਭੜਕਾਊ ਪ੍ਰਚਾਰ ਚਲਾਉਣਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ | ਆਗੂਆਂ ਨੇ ਆਖਿਆ ਕਿ ਮੌਜੂਦਾ ਸਮੇਂ ਹੜ੍ਹਾਂ ਕਾਰਨ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਤੇ ਹੋਰਨਾਂ ਕਿਰਤੀ ਲੋਕਾਂ ਦੇ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਅਤੇ ਪਿੱਛੋਂ ਪੀੜਤਾਂ ਦੀ ਬਾਂਹ ਫੜਨ 'ਚ ਨਕਾਮ ਰਹਿਣ ਕਾਰਨ ਜਦੋਂ ਸਮੂਹ ਪੰਜਾਬੀਆਂ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰ ਖ਼ਿਲਾਫ਼ ਆਏ ਦਿਨ ਰੋਹ ਤਿੱਖਾ ਹੁੰਦਾ ਜਾ ਰਿਹਾ ਸੀ ਤਾਂ ਐਨ ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਵਿਉਂਤਬੱਧ ਤਰੀਕੇ ਨਾਲ ਚਲਾਈ ਜਾ ਰਹੀ ਭੜਕਾਊ ਤੇ ਭਟਕਾਊ ਮੁਹਿੰਮ ਦੋਹਾਂ ਹਕੂਮਤਾਂ ਨੂੰ ਪੂਰੀ ਤਰ੍ਹਾਂ ਰਾਸ ਬੈਠਦੀ ਹੈ | ਰੈਲੀ ਨੂੰ ਵਰਿਆਮ ਸਿੰਘ ਮੋਹਨ ਸਿੰਘ ਸ਼ੰਭੂ ਗੁਰਮੀਤ ਸਿੰਘ ਕਾਮਰੇਡ ਜਗਦੇਵ ਸਿੰਘ ਖੰਨਾ, ਕਰਤਾਰ ਚੰਦ, ਹੁਸਨ ਲਾਲ, ਜਾਮੀਲ ਮੁਹੰਮਦ, ਵਿਧੀ ਚੰਦ, ਜਸਵਿੰਦਰ ਸਿੰਘ, ਲਖਵੀਰ ਸਿੰਘ ਭੜੀ, ਦਰਬਾਰਾ ਸਿੰਘ, ਮੇਵਾ ਸਿੰਘ ਚੜੀ ਨੇ ਸੰਬੋਧਨ ਕੀਤਾ |