ਦੋਰਾਹਾ, 24 ਸਤੰਬਰ (ਪੱਤਰ ਪ੍ਰੇਰਕ)-ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ | ਜਿਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਕੂਲ ਅਧਿਆਪਕਾ ਹਰਬੰਸ ਕੌਰ ਨੇ ਦਿੰਦੇ ਹੋਏ ਦੱਸਿਆ ਕਿ ਪੰਜਾਬੀ, ਪੰਜਾਬ ਵਾਸੀਆਂ ਦੀ ਮਾਂ ਬੋਲੀ ਹੈ | ਪੰਜਾਬੀ ਦਿਵਸ, ਵਿਸ਼ਵ ਪੱਧਰ ਤੇ ਮਨਾਇਆ ਜਾਣਾ ਹਰ ਪੰਜਾਬੀ ਲਈ ਮਾਣ ਦੀ ਗੱਲ ਹੈ | ਵਿਸ਼ਵ ਪੰਜਾਬੀ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ, ਸਕੂਲ ਮੁਖੀ ਪ੍ਰਤਿਸ਼ ਗੁਸਾਂਈ ਨੇ ਦੱਸਿਆ ਕਿ ਪੰਜਾਬੀ ਖਿੱਤੇ ਦਾ ਵਿਅਕਤੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਾ ਕੇ ਵੱਸ ਜਾਵੇ ਉਸ ਨੂੰ ਪੰਜਾਬੀ ਮਾਤ ਦਾ ਭਾਸ਼ਾ ਨਹੀਂ ਛੱਡਣੀ ਚਾਹੀਦੀ | ਆਪਣੇ ਬੱਚਿਆਂ ਨੂੰ ਵੀ ਮਾਤ ਭਾਸ਼ਾ ਸਿਖਾਉਣੀ ਚਾਹੀਦੀ ਹੈ | ਕਿਉਂਕਿ ਜਿਸ ਧਰਤੀ ਦੇ ਵਸਿੰਦੇ ਆਪਣੀ ਮਾਤ ਭਾਸ਼ਾ ਭੁੱਲ ਜਾਂਦੇ ਹਨ, ਉਹ ਆਪਣਾ ਵਿਰਸਾ ਸਭਿਆਚਾਰ ਸਭ ਕੁੱਝ ਖੋ ਦਿੰਦੇ ਹਨ | ਉਹ ਕੌਮਾਂ ਵੀ ਖ਼ਤਮ ਹੋ ਜਾਂਦੀਆਂ ਹਨ | ਪੰਜਾਬੀ ਦਿਵਸ ਵਿਸ਼ਵ ਪੱਧਰ ਤੇ ਮਨਾਉਣਾ ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀਆਂ ਦੀ ਦੇਣ ਹੈ | ਉਹ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਆਪਣੀ ਮਾਤ ਭਾਸ਼ਾ ਨੂੰ ਪਹਿਲ ਦਿੱਤੀ | ਸਕੂਲ ਮੁਖੀ ਪ੍ਰਤਿਸ਼ ਗੁਸਾਂਈ ਨੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ |