ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਅਤੇ ਵੱਖ-ਵੱਖ ਇੰਤਜ਼ਾਮੀਆ ਕਮੇਟੀਆਂ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਦੀਪਾਂ ਦੇ ਇਸ ਪਵਿੱਤਰ ਤਿਉਹਾਰ 'ਤੇ ਸਮਾਜ 'ਚ ਪਿਆਰ, ਏਕਤਾ ਤੇ ਭਾਈਚਾਰੇ ਦਾ ਸੁਨੇਹਾ ਦਿੰਦਿਆਂ ਇਨਸਾਨੀਅਤ ਦੀ ਇਕ ਉਤਮ ਮਿਸਾਲ ਕਾਇਮ ਕੀਤੀ | ਉਨ੍ਹਾਂ ਨੇ ਆਪਣੇ ਯਤਨਾਂ ਨਾਲ ਲਗਭਗ 100 ਲੋੜਵੰਦ ਪਰਿਵਾਰਾਂ ਤੱਕ ਦੀਵਾਲੀ ਦੀਆਂ ਖ਼ੁਸ਼ੀਆਂ ਪਹੁੰਚਾਈਆਂ | ਹਰ ਪਰਿਵਾਰ ਨੂੰ ਇੱਕ ਮਹੀਨੇ ਦਾ ਰਾਸ਼ਨ, ਦੀਵਾਲੀ ਦੇ ਤੋਹਫ਼ੇ, ਮਠਿਆਈ ਤੇ ਦੀਵੇ ਵੰਡੇ ਗਏ | ਜਨਾਬ ਦਿਲਬਰ ਮੁਹੰਮਦ ਖਾਨ ਨੇ ਕਿਹਾ ਕਿ ਭਾਰਤ ਕਈ ਸਭਿਆਚਾਰਾਂ ਵਾਲਾ ਦੇਸ਼ ਹੈ, ਜਿੱਥੇ ਹਰ ਧਰਮ, ਜਾਤ ਤੇ ਸਮਾਜ ਦੇ ਲੋਕ ਆਪਸੀ ਪਿਆਰ ਨਾਲ ਸਾਰੇ ਤਿਉਹਾਰ ਮਨਾਉਂਦੇ ਹਨ | ਉਨ੍ਹਾਂ ਕਿਹਾ ਕਿ ਜਿਵੇਂ ਈਦ ਦੇ ਮੌਕੇ 'ਤੇ ਸਾਰੇ ਧਰਮਾਂ ਦੇ ਲੋਕ ਮੁਸਲਿਮ ਭਾਈਚਾਰੇ ਨਾਲ ਖ਼ੁਸ਼ੀ ਸਾਂਝੀ ਕਰਦੇ ਹਨ, ਓਵੇਂ ਹੀ ਪਰੰਪਰਾ ਨੂੰ ਜਾਰੀ ਰੱਖਦਿਆਂ ਉਨ੍ਹਾਂ ਨੇ ਵੀ ਦੀਵਾਲੀ 'ਤੇ ਲੋੜਵੰਦ ਪਰਿਵਾਰਾਂ ਨਾਲ ਪਿਆਰ ਤੇ ਭਾਈਚਾਰੇ ਦਾ ਇਹ ਸੁਨੇਹਾ ਸਾਂਝਾ ਕੀਤਾ | ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਲਗਭਗ 11,000 ਦੀਵੇ ਵੰਡੇ ਗਏ, ਤਾਂ ਜੋ ਉਨ੍ਹਾਂ ਘਰਾਂ ਵਿੱਚ ਵੀ ਰੌਸ਼ਨੀ ਤੇ ਮੁਸਕਾਨ ਇਕੱਠੇ ਚਮਕਣ | ਇਸ ਮੌਕੇ ਉਨ੍ਹਾਂ ਦੇ ਨਾਲ ਹਰਫੂਲ ਸਿੰਘ, ਆਤਿਸ਼ ਖਾਨ ਰਾਜੂ, ਹਨੀਫ ਖਾਨ ਰਿੰਕੂ, ਕਮਲਜੀਤ, ਵਰਿੰਦਰ, ਜਾਕਿਰ, ਕੁਲਵਿੰਦਰ ਸਿੰਘ ਅਤੇ ਅਸਲਮ ਵੀ ਮੌਜੂਦ ਸਨ |