ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਨ ਲਈ ਦਿੱਤਾ ਨੋਟਿਸ
ਅਜੀਤ ਡੈਸਕ
02-11-2025
ਵਾਰਡ ਨੰਬਰ 12 ਦੇ ਕੌਂਸਲਰ ਗੁਰਮੀਤ ਨਾਗਪਾਲ ਨੇ ਦੱਸਿਆ ਕਿ ਇਨ੍ਹਾਂ ਗੈਰ ਕਾਨੂੰਨੀ ਚੱਲ ਰਹੀਆਂ ਮੀਟ ਦੀਆਂ ਦੁਕਾਨਾਂ ਦਾ ਮਾਮਲਾ ਮਾਰਚ 2018 ਤੋਂ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਸੀ | ਪਿਛਲੇ 7 ਸਾਲ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਨਗਰ ਕੌਂਸਲ ਖੰਨਾ ਨੂੰ ਮਾਨਯੋਗ ਅਦਾਲਤ ਵੱਲੋਂ ਇਨ੍ਹਾਂ ਕੱਚੇ ਮੀਟ ਦੀਆਂ ਦੁਕਾਨਾਂ ਨੂੰ ਨਿਰਧਾਰਿਤ ਮੀਟ ਮਾਰਕੀਟ ਵਿਚ ਤਬਦੀਲ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ | ਜਿਸ ਤਹਿਤ ਅੱਜ ਕੌਂਸਲ ਵੱਲੋਂ ਇਨ੍ਹਾਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੇ ਨੋਟਿਸ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਦੁਕਾਨਾਂ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਹਨ | ਜਿਸ ਕਰਕੇ ਇੱਥੋਂ ਲੰਘਣ ਵਾਲੇ ਲੋਕਾਂ ਤੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ ਅਤੇ ਹਰ ਸਮੇਂ ਗੰਦੀ ਮੀਟ ਦੀ ਬਦਬੂ ਆਉਂਦੀ ਤੇ ਨਾਲ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਸੀ | ਇਸ ਕਰਕੇ ਇਨ੍ਹਾਂ ਦੁਕਾਨਾਂ ਦਾ ਬੰਦ ਹੋਣਾ ਬਹੁਤ ਹੀ ਜ਼ਰੂਰੀ ਹੈ |ਕੌਂਸਲਰ ਗੁਰਮੀਤ ਸਿੰਘ ਨਾਗਪਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਅਦਾਲਤ ਵਿਚ ਵਿਸ਼ਵਾਸ ਰੱਖਦੇ ਹੋਏ ਕੇਸ ਦੀ ਪੈਰਵੀ ਕੀਤੀ ਗਈ ਹੈ | ਉਨ੍ਹਾਂ ਮਾਣਯੋਗ ਅਦਾਲਤ ਤੇ ਕੌਂਸਲ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਇਸ ਸਭ ਤੋਂ ਬਾਅਦ ਵੀ ਬਣਦੀ ਯੋਗ ਕਾਰਵਾਈ ਨਾ ਕੀਤੀ ਗਈ ਤਾਂ ਇਸ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਅਸੀਂ ਸਾਰੇ ਸੰਘਰਸ਼ ਦਾ ਰਾਹ ਅਪਣਾਵਾਂਗੇ |