ਸਿੱਧਵਾਂ ਬੇਟ, 1 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਪਿਛਲੇ ਤਿੰਨ ਦਿਨਾਂ ਤੋਂ ਸੂਬੇ ਅੰਦਰ ਵਾਪਰ ਰਹੀਆਂ ਘਟਨਾਵਾਂ ਵਾਲੀ ਜਗ੍ਹਾ 'ਤੇ ਪੁੱਜ ਕੇ ਪੀੜਤ ਲੋਕਾਂ ਦੀ ਸਾਰ ਲੈ ਰਹੇ ਹਨ ਜੋ ਅੱਜ ਵੀ ਆਪਣੇ ਸਾਥੀਆਂ ਸੂਬੇ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਹਲਕਾ ਇੰਚਾਰਜ ਜਗਤਾਰ ਸਿੰਘ ਹਿੱਸੋਵਾਲ ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਕਾਂਗਰਸ ਦੇ ਤਹਿਸੀਲ ਪ੍ਰਧਾਨ ਮਨੀ ਗਰਗ ਅਤੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਸਮੇਤ ਲੰਘੇ ਦਿਨ ਦਿਨ-ਦਿਹਾੜੇ ਜਗਰਾਉਂ ਸ਼ਹਿਰ ਦੀ ਡਾ.ਹਰੀ ਸਿੰਘ ਰੋਡ 'ਤੇ ਗੋਲੀ ਲੱਗਣ ਨਾਲ ਮੌਤ ਦੇ ਮੂੰਹ ਜਾ ਪਏ 26 ਸਾਲਾ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਜੱਦੀ ਲਾਗਲੇ ਪਿੰਡ ਗਿੱਦੜਵਿੰਡੀ ਪੁੱਜੇ ਅਤੇ ਉਨ੍ਹਾਂ ਦੇ ਪਿਤਾ ਰਘਵੀਰ ਸਿੰਘ ਖੈਹਿਰਾ, ਮਾਤਾ ਸੁਰਿੰਦਰ ਕੌਰ ਖੈਹਿਰਾ ਨੂੰ ਦਿਲਾਸਾ ਦਿੱਤਾ | ਮਿ੍ਤਕ ਦੀ ਮਾਤਾ ਨੇ ਰੋਂਦੇ ਹੋਏ ਆਖਿਆ ਕਿ ਜਿੰਨ੍ਹਾਂ ਚਿਰ ਮੇਰੇ ਪੁੱਤ ਦੇ ਕਾਤਲਾਂ ਨੂੰ ਗਿ੍ਫਤਾਰ ਕਰਕੇ ਸਹੀ ਜਾਂਚ ਨਹੀਂ ਕਰਵਾਈ ਜਾਂਦੀ ਉਨਾਂ ਚਿਰ ਅਸੀਂ ਆਪਣੇ ਲਾਡਲੇ ਇਕਲੌਤੇ ਪੁੱਤ ਅਤੇ ਭੈਣ ਦੇ ਲਾਡਲੇ ਭਰਾ ਦਾ ਸਸਕਾਰ ਨਹੀਂ ਕਰਾਂਗੇ | ਇਸ ਮੌਕੇ ਰਾਜਾ ਵੜਿੰਗ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਬਦਲਾਅ ਵਾਲੀ ਮਾਨ ਸਰਕਾਰ ਵਿਚ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਵਾਲਾ ਪੰਜਾਬ ਹੁਣ ਸੁਰੱਖਿਅਤ ਨਹੀਂ ਰਿਹਾ | ਰਾਜਾ ਵੜਿੰਗ ਮਰਹੂਮ ਕਬੱਡੀ ਖਿਡਾਰੀ ਦੀ ਹੱਥ ਵਿਚ ਫੋਟੋ ਫੜ੍ਹ ਕੇ ਭਾਵੁਕ ਵੀ ਹੋ ਗਏ | ਇਸ ਮੌਕੇ ਕਾਂਗਰਸ ਦੀ ਸੂਬਾ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸੋਨੂੰ ਢੇਸੀ, ਰਜੇਸ਼ਇੰਦਰ ਸਿੱਧੂ, ਸਰਪੰਚ ਸੁਖਦੇਵ ਸਿੰਘ ਸੇਬੀ, ਸਾਬਕਾ ਸਰਪੰਚ ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਹੋਰ ਲੋਕ ਵੀ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਏ |