ਰਾਜਪੁਰਾ, 1 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਦੇ ਵਿਕਾਸ ਲਈ ਪੈਸੇ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਬਨਵਾੜੀ ਪਿੰਡ 'ਚ ਏ.ਸੀ. ਕਮਿਊਨਿਟੀ ਹਾਲ ਬਣਨ ਸੰਬੰਧੀ ਨਗਰ ਕੌਂਸਲ ਦੀ ਹੋਈ ਮੀਟਿੰਗ 'ਚ ਮਤਾ ਪਾਸ ਕਰ ਦਿੱਤਾ ਗਿਆ ਹੈ ਅਤੇ ਬਹੁਤ ਜਲਦ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਨੀਨਾ ਮਿੱਤਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਨਗਰ ਕੌਂਸਲ ਵਿਖੇ ਜਨਰਲ ਹਾਊਸ ਦੀ ਮੀਟਿੰਗ ਰੱਖੀ ਗਈ ਸੀ | ਉਸ ਮੀਟਿੰਗ 'ਚੋਂ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਸਮੇਤ ਹੋਰ ਡੇਢ ਦਰਜਨ ਕੌਂਸਲਰ ਬਿਨਾਂ ਕਿਸੇ ਵੀ ਗੱਲ ਦੇ ਮੀਟਿੰਗ ਵਿਚ ਨਹੀਂ ਆਏ | ਉਨ੍ਹਾਂ ਨੇ ਕਿਹਾ ਕਿ ਸ਼ਾਇਦ ਪ੍ਰਧਾਨ ਅਤੇ ਹੋਰਨਾਂ ਕੌਂਸਲਰਾਂ ਨੂੰ ਇਸ ਗੱਲ ਦੀ ਭਿਣਕ ਪੈ ਗਈ ਹੋਵੇਗੀ ਕਿ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਦੀ ਪੋਲ ਖੋਲ੍ਹੀ ਜਾ ਸਕਦੀ ਹੈ | ਉਨ੍ਹਾਂ ਨੇ ਇਕ ਮਤੇ ਬਾਰੇ ਵੀ ਕਿਹਾ ਕਿ ਉਸ ਮਤੇ ਨੂੰ ਇੰਨੀ ਜਲਦੀ ਏਜੰਡੇ ਵਿਚ ਲੈ ਕੇ ਆਉਣ ਤੋਂ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਘਾਲਾ-ਮਾਲਾ ਹੈ | ਉਨ੍ਹਾਂ ਨੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ 'ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ ਤਾਂ ਉਸ ਵੇਲੇ ਸ਼ਹਿਰ ਦਾ ਵਿਕਾਸ ਨਹੀਂ ਕੀਤਾ | ਜੇਕਰ ਹੁਣ ਸੱਤਾਧਾਰੀ ਧਿਰ ਵਿਕਾਸ ਕਰਨ ਲੱਗੀ ਹੈ ਤਾਂ ਇਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ | ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਬੀਤੇ ਦਿਨੀਂ ਉਹ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਲੈ ਕੇ ਆਏ ਹਨ | ਇਸੇ ਤਰ੍ਹਾਂ ਫੋਕਲ ਪੁਆਇੰਟ ਦੀਆਂ ਟੁੱਟੀਆਂ ਭੱਜੀਆਂ ਸੜਕਾਂ ਦੀ ਹਾਲਤ ਵੀ ਨਵੀਂ ਨਕੋਰ ਕਰ ਦਿੱਤੀਆਂ ਜਾਣਗੀਆਂ | ਇਸ ਏਰੀਏ ਦੀ ਸਾਂਭ ਸੰਭਾਲ ਹੁਣ ਨਗਰ ਕੌਂਸਲ ਦੇ ਜਿੰਮੇ ਆ ਗਈ ਹੈ | ਇਸ ਲਈ ਫੋਕਲ ਪੁਆਇੰਟ ਏਰੀਏ ਵਿਚ ਸੜਕਾਂ ਸਮੇਤ ਹੋਰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ | ਉਨ੍ਹਾਂ ਨੇ ਅੱਗੇ ਦੱਸਿਆ ਕਿ ਬੀਤੇ ਕੱਲ੍ਹ ਨਗਰ ਕੌਂਸਲ ਦੀ ਮੀਟਿੰਗ ਵਿਚ ਮਤੇ ਪਾਸ ਕਰ ਦਿੱਤੇ ਗਏ ਹਨ ਅਤੇ ਸ਼ਹਿਰ ਵਿਚ ਨਵੀਆਂ ਮਾਰਕੀਟਾਂ, ਬੇਘਰਿਆਂ ਲਈ ਘਰ ਬਣਾ ਕੇ ਦੇਣ ਦੇ ਮਤੇ ਸਮੇਤ ਹੋਰ ਤਿੰਨ ਦਰਜਨ ਦੇ ਕਰੀਬ ਮਤੇ ਪਾਸ ਕੀਤੇ ਗਏ ਹਨ | ਉਨ੍ਹਾਂ ਨੇ ਦੱਸਿਆ ਕਿ ਈ.ਐੱਸ.ਆਈ. ਹਸਪਤਾਲ ਸੰਬੰਧੀ ਕਰੋੜਾਂ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਮੈਡੀਕਲ ਕਾਲਜ ਬਣਾਉਣ ਦੀ ਵੀ ਤਜਵੀਜ਼ 'ਤੇ ਵਿਚਾਰ ਕੀਤਾ ਜਾ ਰਿਹਾ ਹੈ |