ਮਲੌਦ, 23 ਨਵੰਬਰ (ਸਹਾਰਨ ਮਾਜਰਾ)- ਹਮੇਸ਼ਾ ਮਾਨਵਤਾ ਦੀ ਸੇਵਾ ਵਿਚ ਜੁਟੀ ਗੁਰਮਤਿ ਪ੍ਰਚਾਰ ਮਿਸ਼ਨ ਡਾਂਗੋ ਦੇ ਮੁੱਖ ਸੇਵਾਦਾਰ ਨਿਸ਼ਕਾਮ ਸੇਵਕ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਵਲੋਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 13 ਪਿੰਡਾਂ ਵਿਚ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ | ਇਨ੍ਹਾਂ ਸਮਾਗਮਾਂ ਦੌਰਾਨ ਸੰਤ ਡਾਂਗੋਂ ਅਤੇ ਹੋਰ ਸ਼ਖ਼ਸੀਅਤਾਂ ਉਚੇਚੇ ਤੌਰ 'ਤੇ ਪੁੱਜ ਕੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਲਾਸਾਨੀ ਸ਼ਹਾਦਤ ਦੇ ਇਤਿਹਾਸ ਨਾਲ ਜੋੜਨਗੇ | ਭਾਈ ਗੁਰਪ੍ਰੀਤ ਸਿੰਘ ਰਾਮਗੜ੍ਹ ਸਰਦਾਰਾਂ ਨੇ ਦੱਸਿਆ ਕਿ ਸਮਾਗਮਾਂ ਦੀ ਲੜੀ ਤਹਿਤ 20 ਨਵੰਬਰ ਨੂੰ ਪਿੰਡ ਰਾਮਗੜ੍ਹ ਸਰਦਾਰਾਂ, 25 ਨੂੰ ਸਵੇਰੇ ਪਿੰਡ ਧਾਂਦਰਾ, 25 ਸ਼ਾਮ ਨੂੰ ਪਿੰਡ ਬਸੀਆਂ, 26 ਨੂੰ ਪਿੰਡ ਝੱਮਟ, 27 ਪਿੰਡ ਕਲਿਆਣ, 29 ਨੂੰ ਪਿੰਡ ਸੰਦੌੜ, 3 ਦਸੰਬਰ ਨੂੰ ਪਿੰਡ ਮਹੋਲੀ ਖੁਰਦ, 4 ਨੂੰ ਨਾਨਕਸਰ ਠਾਠ ਡਾਂਗੋਂ, 7 ਦਸੰਬਰ ਨੂੰ ਲੁਧਿਆਣਾ ਵਿਖੇ ਵਿਸ਼ਾਲ ਸਮਾਗਮ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਅਤੇ ਬਾਬਾ ਅਵਤਾਰ ਸਿੰਘ ਮਹੋਲੀ ਖ਼ੁਰਦ ਵਾਲਿਆਂ ਦੇ ਵੱਡੇ ਉੱਦਮ ਸਦਕਾ ਕਰਵਾਏ ਜਾ ਰਹੇ ਇਨ੍ਹਾਂ ਸਮਾਗਮਾਂ ਵਿੱਚ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਲਈ ਪਿੰਡ ਪਿੰਡ ਜਾ ਕੇ ਲਾਮਬੰਦ ਕੀਤਾ ਜਾ ਰਿਹਾ ਹੈ | ਭਾਈ ਗੁਰਪ੍ਰੀਤ ਸਿੰਘ ਰਾਮਗੜ੍ਹ ਸਰਦਾਰਾਂ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਸੰਗਤਾਂ ਵਲੋਂ ਰੋਜ਼ਾਨਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ |