ਖੰਨਾ, 5 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਇੱਥੇ ਕਰਨੈਲ ਸਿੰਘ ਇਕੋਲਾਹਾ ਕੌਮੀ ਜਨਰਲ ਸਕੱਤਰ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਨੇ ਦੱਸਿਆ ਕਿ ਦੇਸ਼ ਦੀਆਂ ਪੰਜ ਖੇਤ ਮਜ਼ਦੂਰ ਯੂਨੀਅਨਾਂ ਦੇ ਸਾਂਝੇ ਫ਼ਰੰਟ ਵਲੋਂ ਨਵੀਂ ਦਿੱਲੀ ਸਥਿਤ ਬੀ. ਕੇ. ਐੱਮ. ਯੂ. ਦੇ ਦਫ਼ਤਰ ਵਿਚ ਖੇਤੀਬਾੜੀ ਅਤੇ ਪੇਂਡੂ ਮਜ਼ਦੂਰ ਸੰਸਥਾਵਾਂ ਦੀ ਸਾਂਝੀ ਮੀਟਿੰਗ ਹੋਈ | ਜਿਸ ਵਿਚ ਚਾਰ ਲੇਬਰ ਕੋਡਾਂ ਅਤੇ ਮਨਰੇਗਾ ਨੂੰ ਕਮਜ਼ੋਰ ਕਰਨ ਦੇ ਖ਼ਿਲਾਫ਼ ਵੱਡੇ ਪੱਧਰ ਦੀ ਰੋਸ ਮੁਹਿੰਮ ਚਲਾਉਣ ਦਾ ਫ਼ੈਸਲਾ ਲਿਆ ਗਿਆ | ਮੀਟਿੰਗ ਵਿਚ ਏ. ਆਈ. ਏ. ਡਬਲਯੂ. ਯੂ ਤੋਂ ਬੀ. ਵੈਂਕਟ ਅਤੇ ਵਿਕਰਮ ਸਿੰਘ, ਬੀ. ਕੇ. ਐਮ. ਯੂ. ਤੋਂ ਜੀ. ਐੱਸ. ਗੋਰਿਆ ਅਤੇ ਵੀ. ਐੱਸ. ਨਿਰਮਲ, ਆਈਰਲਾ ਤੋਂ ਸ੍ਰੀਰਾਮ ਚੌਧਰੀ ਅਤੇ ਗੋਪਾਲ/ਰਵਿਦਾਸਨ, ਧਰੇਂਦਰ ਝਾਅ ਅਤੇ ਏ. ਆਈ. ਐੱਸ. ਕੇ. ਐੱਸ. ਤੋਂ ਕਰਨੈਲ ਸਿੰਘ ਇਕੋਲਾਹਾ ਨੇ ਸ਼ਿਰਕਤ ਕੀਤੀ¢ ਸਭ ਨੇ ਇਸ ਗੰਭੀਰ ਸਚਾਈ 'ਤੇ ਚਿੰਤਾ ਜਤਾਈ ਕਿ ਮਨਰੇਗਾ ਵਿਚੋਂ ਲੱਖਾਂ ਮਜ਼ਦੂਰਾਂ ਨੂੰ ਗਲਤ ਤਰੀਕੇ ਨਾਲ ਹਟਾਇਆ ਜਾ ਰਿਹਾ ਹੈ¢ ਦਾ ਹਿੰਦੂ ਦੇ ਮੁਤਾਬਿਕ 10 ਅਕਤੂਬਰ ਤੋਂ 14 ਨਵੰਬਰ ਤੱਕ 27 ਲੱਖ ਮਜ਼ਦੂਰ ਮਨਰੇਗਾ ਦੀ ਸੂਚੀ ਤੋਂ ਡਿਲੀਟ ਕੀਤੇ ਗਏ¢ ਕੇਵਲ ਆਂਧਰਾ ਪ੍ਰਦੇਸ਼ ਵਿਚ ਹੀ ਈ ਕੇ. ਵਾਈ. ਸੀ. ਦੇ ਨਾਂ 'ਤੇ 14 ਲੱਖ ਮਜ਼ਦੂਰ ਹਟਾਏ ਗਏ ਹਨ, ਜਿਨ੍ਹਾਂ ਵਿਚੋਂ 12 ਲੱਖ ਤਾਂ ਪਹਿਲੇ ਛੇ ਹਫ਼ਤਿਆਂ ਵਿੱਚ ਹੀ ਹਟਾ ਦਿੱਤੇ ਗਏ¢ ਉਨ੍ਹਾਂ ਕਿਹਾ ਕਿ ਚਾਰ ਲੇਬਰ ਕੋਡ ਪਿੰਡ ਅਤੇ ਖੇਤੀ ਮਜ਼ਦੂਰਾਂ ਲਈ ਗੰਭੀਰ ਖ਼ਤਰਾ ਹਨ | ਬਿਜਲੀ ਖੇਤਰ ਦੇ ਨਿੱਜੀਕਰਨ ਅਤੇ ਸਮਾਰਟ ਬਿਜਲੀ ਮੀਟਰਾਂ ਦੀ ਜ਼ਬਰਦਸਤੀ ਇੰਸਟਾਲੇਸ਼ਨ ਨੂੰ ਵੀ ਮੀਟਿੰਗ ਨੇ ਸਪਸ਼ਟ ਤੌਰ 'ਤੇ ਜਨ-ਵਿਰੋਧੀ ਕਦਮ ਕਰਾਰ ਦਿੱਤਾ, ਕਿਉਂਕਿ ਇਹ ਪੇਂਡੂ ਗ਼ਰੀਬਾਂ ਅਤੇ ਮਜ਼ਦੂਰਾਂ ਦੇ ਬਿਜਲੀ ਦੇ ਹੱਕ 'ਤੇ ਸਿੱਧਾ ਹਮਲਾ ਹੈ¢ ਮੀਟਿੰਗ ਵਿਚ 5-6 ਜਨਵਰੀ 2026 ਨੂੰ ਦੇਸ਼ ਭਰ ਵਿਚ ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਇੱਕਜੁੱਟ ਹੋ ਕੇ ਵਿਰੋਧ-ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ |