ਮਾਛੀਵਾੜਾ ਸਾਹਿਬ, 19 ਦਸੰਬਰ (ਮਨੋਜ ਕੁਮਾਰ)-ਮਾਛੀਵਾੜਾ ਬਲਾਕ ਸੰਮਤੀ ਦੇ ਸਾਰੇ ਜ਼ੋਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਦੋਵੇਂ ਸੀਟਾਂ ਦੇ ਨਤੀਜੇ ਵੋਟਰਾਂ ਦੀ ਬੇਹੱਦ ਸਮਝਦਾਰੀ ਦਾ ਉਹ ਸਬੂਤ ਹਨ | ਜਿਸ ਵਿਚ ਹਰ ਵੋਟਰ ਨੇ ਆਪਣੀ ਵੋਟ ਦਾ ਸਹੀ ਤੇ ਪੂਰੀ ਸਮਝਦਾਰੀ ਨਾਲ ਇਸਤੇਮਾਲ ਕੀਤਾ | ਭਾਵੇਂ ਇਹ ਨਤੀਜੇ ਰਾਜਨੀਤਕ ਅੰਦਾਜ਼ਿਆਂ ਤੋਂ ਬਹੁਤੇ ਵੱਖਰੇ ਹਨ, ਪਰ ਵੋਟਰਾਂ ਨੇ ਆਪਣੀ ਸਮਝਦਾਰੀ ਦਾ ਪੂਰਾ ਸਬੂਤ ਦਿੱਤਾ | ਪਹਿਲੀ ਵਾਰ ਹੋਇਆ ਕਿ ਕਿਸੇ ਵੀ ਰਾਜਨੀਤਕ ਦਲ ਨੂੰ ਮਾਛੀਵਾੜਾ ਵਿਚ ਪੂਰਨ ਬਹੁਮਤ ਨਹੀਂ ਮਿਲਿਆ ਤੇ ਨਾ ਹੀ ਕਿਸੇ ਦਲ ਦਾ ਪੂਰਾ ਸਫ਼ਾਇਆ ਹੋਇਆ | ਆਪ ਤੇ ਅਕਾਲੀ ਦਲ ਨੇ ਇਨ੍ਹਾਂ ਚੋਣਾਂ ਨੂੰ ਪਹਿਲੇ ਦਿਨ ਤੋਂ ਹੀ ਮੈਦਾਨ ਫਤਿਹ ਕਰਨ ਲਈ ਪਿੰਡ ਪਿੰਡ ਰੱਜ ਕੇ ਜ਼ੋਰ ਲਗਾਇਆ | ਪਰ ਇਨ੍ਹਾਂ ਚੋਣਾਂ ਵਿਚ ਕਾਂਗਰਸ ਦੇ ਸੰਘਰਸ਼ ਨੂੰ ਕਿਤੇ ਨਾ ਕਿਤੇ ਰਾਜਨੀਤਕ ਹਾਸ਼ੀਏ ਵਿਚ ਅਲੋਚਨਾ ਦਾ ਸਾਹਮਣਾ ਕਰਨਾ ਪਿਆ | ਅਸਲ ਵਿਚ ਐਨ ਮੌਕੇ 'ਤੇ ਕਾਂਗਰਸ ਦੇ ਸਥਾਨਕ ਕੁੱਝ ਉਹ ਆਗੂ ਇਕਦਮ ਅਲੋਪ ਉਹ ਗਏ, ਜਿਹੜੇ ਅਕਸਰ ਮਹਿਫ਼ਲਾਂ ਵਿਚ ਇੱਕ ਦੂਸਰੇ ਤੋਂ ਵੱਧ ਨਜ਼ਰ ਆਉਂਦੇ ਸਨ | ਅਸਲ ਵਿਚ ਇਸ ਰਾਜਨੀਤਕ ਲੜਾਈ ਨੂੰ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਤੇ ਕਸਤੂਰੀ ਲਾਲ ਮਿੰਟੂ ਦੇ ਸਹਾਰੇ ਲੜਿਆ ਗਿਆ ਤੇ ਉਨ੍ਹਾਂ ਨੇ ਆਪਣਾ ਜ਼ੋਰ ਲਗਾਉਣ ਦੀ ਭਰਪੂਰ ਕੋਸ਼ਿਸ਼ ਵੀ ਕੀਤੀ | ਹਾਲਾਂਕਿ ਵੋਟਰਾਂ ਦਾ ਰੁਝਾਨ ਬਹੁਤ ਘੱਟ ਰਿਹਾ ਤੇ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਜਿਹੜੀ 13 ਜ਼ੋਨਾਂ ਤੋਂ ਚੋਣ ਲੜੀ ਤੇ 3 ਸੀਟਾਂ 'ਤੇ ਜਿੱਤ ਕੇ ਆਪਣਾ ਵਜੂਦ ਕਾਇਮ ਰੱਖਣ ਵਿਚ ਸਫਲ ਰਹੀ | ਅਸਲ ਵਿਚ ਇਹ ਜਿੱਤ ਵੋਟਰਾਂ ਦੇ ਨਾਲ ਨਾਲ ਹਲਕੇ ਦੇ ਉਹ ਤਿੰਨ ਚਿਹਰਿਆਂ ਦੀ ਜਿੱਤ ਹੈ, ਜਿਨ੍ਹਾਂ ਨੇ ਦਿਨ ਰਾਤ ਆਪਣੇ ਸਫ਼ਰ ਨੂੰ ਜਾਰੀ ਰੱਖਿਆ | ਇਸ ਵਿਚ ਇੱਕ ਨਾਕਾਰਤਮਕ ਪਹਿਲੂ ਇਹ ਜ਼ਰੂਰ ਰਿਹਾ ਕਿ ਜਿਨ੍ਹਾਂ ਵੋਟਰਾਂ ਨੇ ਆਪ ਤੋਂ ਨਾਰਾਜ਼ਗੀ ਚੱਲਦਿਆਂ ਅਕਾਲੀ ਦਲ ਦੇ ਹੱਕ ਵਿਚ ਵੋਟਿੰਗ ਕੀਤੀ, ਉਸ ਵੋਟ ਨੂੰ ਕਾਂਗਰਸ ਆਪਣੀ ਝੋਲੀ ਵਿਚ ਇਕੱਠਾ ਕਰਨ ਤੋਂ ਪਛੜ ਗਈ ਨਹੀਂ ਤਾਂ ਇਹ ਨਤੀਜੇ ਬਹੁਤੇ ਕਾਂਗਰਸ ਦੇ ਹੱਕ ਵਿਚ ਆਉਣੇ ਸਨ | 2027 ਦਾ ਭਵਿੱਖ ਕੀ ਹੋਵੇਗਾ ਇਹ ਤਾਂ ਸਭ ਸਮੇਂ ਦੀ ਖੇਡ ਹੈ | ਪਰ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਸ਼ਖ਼ਸੀਅਤ ਤੇ ਸਿਆਣਪ ਨੂੰ ਵਿਰੋਧੀ ਵੀ ਮੰਨਦੇ ਹਨ |