ਖੰਨਾ, 20 ਦਸੰਬਰ (ਹਰਜਿੰਦਰ ਸਿੰਘ ਲਾਲ)-ਰਘਵੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਵਿਖੇ ਖੇਡ ਵਿਭਾਗ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਪਾਵਰ ਲਿਫ਼ਟਿੰਗ ਸੈਂਟਰ ਦੇ ਖਿਡਾਰੀ ਨਿਤਿਨ ਕੁਮਾਰ ਨੇ ਦੁਬਈ ਵਿਚ ਹੋਈਆਂ ਪੈਰਾਂ ਏਸ਼ੀਆਈ ਯੂਥ ਖੇਡਾਂ 2025 ਵਿੱਚ 65 ਕਿੱਲੋ ਭਾਰ ਵਰਗ ਦੇ ਗਰੁੱਪ ਵਿੱਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਸੇ ਦਾ ਤਗਮਾ ਜਿੱਤ ਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ | ਇਸ ਖਿਡਾਰੀ ਦਾ ਪਾਵਰ ਲਿਫ਼ਟਿੰਗ ਸੈਂਟਰ ਖੰਨਾ ਵਿਖੇ ਪਹੁੰਚਣ ਉੱਪਰ ਸਕੂਲ ਹੈੱਡਮਾਸਟਰ ਬਲਵਿੰਦਰ ਸਿੰਘ ਅਤੇ ਕੋਚ ਸੰਜੀਵ ਕੁਮਾਰ ਸ਼ਰਮਾ ਵੱਲੋਂ ਮੈਡਲ ਪਹਿਨਾ ਕੇ ਸਨਮਾਨ ਕੀਤਾ ਗਿਆ | ਹੈੱਡ ਮਾਸਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਇਸ ਵਿਦਿਆਰਥੀ ਦੇ ਹੌਸਲੇ ਬੁਲੰਦ ਹਨ ਜਿਸ ਕਾਰਨ ਹੀ ਇਹ ਅੱਜ ਇਹ ਮੁਕਾਮ ਹਾਸਲ ਕਰ ਸਕਿਆ ਹੈ ਉਨ੍ਹਾਂ ਨਿਤਿਨ ਦੇ ਕੋਚ ਸੰਜੀਵ ਸ਼ਰਮਾ ਨੂੰ ਵੀ ਵਧਾਈ ਦਿੱਤੀ | ਕੋਚ ਸਜੀਵ ਸ਼ਰਮਾ ਨੇ ਦੱਸਿਆ ਕਿ ਇਹ ਖਿਡਾਰੀ ਸ਼ਾਕਾਹਾਰੀ ਹੈ ਆਪਣੀ ਮਿਹਨਤ ਸਦਕਾ ਹੀ ਇਹ ਖਿਡਾਰੀ ਇਹ ਮੁਕਾਮ ਹਾਸਿਲ ਕਰ ਸਕਿਆ ਹੈ | ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁਘ, ਐਮਸੀ ਗੁਰਮੀਤ ਨਾਗਪਾਲ, ਵਾਰਡ ਇੰਚਾਰਜ ਗੁਰਬਚਨ ਸਿੰਘ ਟੀਟੂ, ਕੁਲਵੰਤ ਸਿੰਘ ਮਹਿਮੀ, ਅਮਨਿੰਦਰ ਸਿੰਘ ਚਾਹਲ, ਕੀਮਤੀ ਲਾਲ ਆਦਿ ਨੇ ਵੀ ਇਸ ਖਿਡਾਰੀ ਨੂੰ ਮੁਬਾਰਕਬਾਦ ਦਿੱਤੀ |