ਮਲੌਦ, 26 ਦਸੰਬਰ (ਦਿਲਬਾਗ ਸਿੰਘ ਚਾਪੜਾ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਰਾਮਗੜ੍ਹ ਸਰਦਾਰਾਂ ਤੋਂ ਕਾਂਗਰਸ ਪਾਰਟੀ ਦੇ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਤਾਰੀ ਨੇ ਆਪਣੀ ਜਿੱਤ ਦੀ ਖ਼ੁਸ਼ੀ ਮਨਾਉਂਦੇ ਹੋਏ ਬਲਾਕ ਕਾਂਗਰਸ ਮਲੋਦ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਵਲੋਂ ਚੋਣ ਮੁਹਿੰਮ ਨੂੰ ਯੋਜਨਾਬੱਧ ਢੰਗ ਨਾਲ ਚਲਾਇਆ ਗਿਆ ਅਤੇ ਬਲਾਕ ਮਲੌਦ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਦਿਨ-ਰਾਤ ਕੀਤੀ ਗਈ ਸਖ਼ਤ ਮਿਹਨਤ ਕਾਰਨ ਹੀ ਇਹ ਜਿੱਤ ਸੰਭਵ ਹੋ ਸਕੀ | ਉਨ੍ਹਾਂ ਕਿਹਾ ਕਿ ਬਲਾਕ ਮਲੌਦ ਦੇ ਲੋਕਾਂ ਨੇ ਵਿਧਾਇਕ ਮਨਵਿੰਦਰ ਸਿੰਘ ਦੇ ਹੰਕਾਰ ਅਤੇ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਦੇ ਖ਼ਿਲਾਫ਼ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਫ਼ਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ | ਇਸ ਮੌਕੇ ਬਲਾਕ ਕਾਂਗਰਸ ਮਲੋਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਕਿਹਾ ਕਿ ਬਲਾਕ ਮਲੌਦ ਦੇ ਵੋਟਰਾਂ ਅਤੇ ਸਮਰਥਕਾਂ ਨੇ ਝੂਠ ਅਤੇ ਫ਼ਰੇਬ ਦੀ ਰਾਜਨੀਤੀ ਨੂੰ ਨਕਾਰ ਕੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ, ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਪ੍ਰਕਾਸ਼ ਸਿੰਘ (ਸਾਬਕਾ ਪੰਚ), ਗੁਰਮੁਖ ਸਿੰਘ, ਘਣਸ਼ਾਮ ਸ਼ਰਮਾ, ਅਵਤਾਰ ਸਿੰਘ, ਨਿਰਭੈ ਸਿੰਘ ਗਿੱਲ, ਮੇਘ ਸਿੰਘ ਬੇਰਕਲਾ ਸਮੇਤ ਹੋਰ ਕਈ ਕਾਂਗਰਸੀ ਆਗੂ ਅਤੇ ਸਮਰਥਕ ਹਾਜ਼ਰ ਸਨ |