ਬਰਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਜੋ ਲਗਾਤਾਰ ਬਾਰਿਸ਼ ਹੋਣ ਕਾਰਨ ਅਤੇ ਵੱਖ-ਵੱਖ ਡੈਮਾਂ ਦੇ ਫਲੱਡ ਗੇਟ ਖੋਲ੍ਹਣ ਕਾਰਨ ਪੰਜਾਬ ਦੇ ਵਿਚ ਹੜ੍ਹਾਂ ਦੀ ਮਾਰ ਹੇਠ ਬਹੁਤ ਸਾਰੇ ਪਿੰਡ, ਸ਼ਹਿਰ ਵਿਚ ਪਾਣੀ ਜ਼ਿਆਦਾ ਭਰਨ ਕਾਰਨ ਬੇਘਰ ਹੋ ਗਏ ਹਨ | ਇਸ ਕਰੋਪੀ ਕਾਰਨ ਜਿੱਥੇ ਕਿਸਾਨਾਂ ਦੀਆਂ ਲੱਖਾਂ ਏਕੜ ਫ਼ਸਲਾਂ ਅਤੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਕਈ ਸ਼ਹਿਰਾਂ ਵਿਚ ਗ਼ਰੀਬ ਲੋਕ ਵੀ ਇਸ ਦੀ ਮਾਰ ਝੱਲ ਰਹੇ ਹਨ | ਪਿਛਲੇ ਸਾਲਾਂ ਤੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਗ਼ਰੀਬ ਘਰਾਂ ਲਈ ਕੱਚੇ ਅਤੇ ਮਕਾਨਾਂ ਦੀ ਰਿਪੇਅਰ ਕਰਨ ਸਬੰਧੀ ਢਾਈ ਲੱਖ ਰੁਪਏ ਦੀ ਸਕੀਮ ਰਾਹੀਂ ਗ਼ਰੀਬ ਲੋਕਾਂ ਵਲੋਂ ਹਜ਼ਾਰਾਂ ਫਾਈਲਾਂ ਜਮ੍ਹਾ ਕਰਵਾਈਆਂ ਗਈਆਂ ਹਨ ਅਤੇ ਜਿਹੜੀਆਂ ਫਾਈਲਾਂ ਪਾਸ ਹੋ ਚੱੁਕੀਆਂ ਹਨ ਉਨ੍ਹਾਂ ਨੂੰ ਅਜੇ ਤੱਕ ਸਰਕਾਰ ਵਲੋਂ ਪੈਸੇ ਨਹੀਂ ਪਾਏ ਗਏ | ਇਸ ਸਬੰਧੀ ਗੱਲਬਾਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੌਂਸਲਰ ਸੁਖਪਾਲ ਸਿੰਘ ਰੁਪਾਣਾ ਨੇ ਕਿਹਾ ਕਿ ਪਿਛਲੇ ਦਿਨੀਂ ਮੇਰੇ ਵਾਰਡ ਨੰ: 7 ਵਿਚ ਮਕਾਨ ਦੀ ਛੱਤ ਡਿੱਗਣ ਕਾਰਨ ਲਖਵਿੰਦਰ ਸਿੰਘ ਦੀ ਮੌਤ ਹੋ ਚੱੁਕੀ ਹੈ ਤੇ ਬਾਕੀ ਪਰਿਵਾਰ ਜੇਰੇ ਇਲਾਜ ਹੈ | ਇਸੇ ਤਰ੍ਹਾਂ ਹੀ 15-20 ਫਾਈਲਾਂ ਜਿਹੜੀਆਂ ਕਿ ਪਾਸ ਹੋ ਚੱੁਕੀਆਂ ਹਨ, ਦੀ ਸਰਕਾਰ ਵਲੋਂ ਕੋਈ ਪੇਮੈਂਟ ਨਹੀਂ ਪਾਈ ਗਈ | ਸੋ ਹੁਣ ਫੇਰ ਪੰਜਾਬ ਸਰਕਾਰ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਸਰਵੇ ਕਰਵਾ ਰਹੀ ਹੈ ਤੇ ਡਿੱਗੇ ਹੋਏ ਅਤੇ ਚੋਅ ਰਹੇ ਮਕਾਨਾਂ ਦੀਆਂ ਫ਼ੋਟੋ ਸਮੇਤ ਐਡਰੈੱਸ ਲਏ ਜਾ ਰਹੇ ਹਨ | ਸੋ ਸਰਕਾਰ ਨੂੰ ਤੁਰੰਤ ਇਨ੍ਹਾਂ ਲੋਕਾਂ ਦੀ ਸਾਰ ਲੈ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ |