ਧਨੌਲਾ, 1 ਸਤੰਬਰ (ਜਤਿੰਦਰ ਸਿੰਘ ਧਨੌਲਾ)-ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਲਗਾਤਾਰ ਹੋ ਰਹੀ ਬਾਰਸ਼ ਕਾਰਨ ਮੰਡੀ ਦੇ ਨੇੜਿਓ ਲੰਘਦੀ ਡਰੇਨ ਅਤੇ ਪਿੰਡ ਅਤਰਗੜ੍ਹ ਵਿਚ ਦੀ ਲੰਘਦੀ ਡਰੇਨ ਦਾ ਜਾਇਜ਼ਾ ਲਿਆ | ਇਸ ਮੌਕੇ ਐਸ.ਐਚ.ਓ ਧਨੌਲਾ ਲਖਬੀਰ ਸਿੰਘ, ਐਸ.ਡੀ.ਓ. ਡਰੇਨੇਜ਼ ਕੁਨਾਲ ਸ਼ਰਮਾ ਅਤੇ ਨਾਇਬ ਤਹਿਸੀਲਦਾਰ ਧਨੌਲਾ ਤੋਂ ਇਲਾਵਾ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਸਨ | ਸ੍ਰੀ ਟੀ.ਬੈਨਥ ਨੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਆਖਿਆ ਕਿ ਪੈ ਰਹੀ ਬਰਸਾਤ ਦੇ ਮੱਦੇਨਜ਼ਰ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਪ੍ਰਬੰਧ ਤੁਰੰਤ ਕੀਤੇ ਜਾਣ | ਉਨ੍ਹਾਂ ਨਗਰ ਕੌਂਸਲ ਦੇ ਕਰਮਚਾਰੀਆਂ ਤੋਂ ਡਿਸਪੋਜ਼ਲ ਮੋਟਰ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਮੋਟਰ ਨਿਰਵਿਘਨ ਚਾਲੂ ਰੱਖਣ ਦੀ ਹਦਾਇਤ ਵੀ ਕੀਤੀ | ਉਨ੍ਹਾਂ ਕਿਹਾ ਕਿ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਕਿਸੇ ਵੀ ਖ਼ਤਰੇ ਸਬੰਧੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ 'ਤੇ ਜਦ ਚਾਹੁਣ ਗੱਲ ਕਰ ਸਕਦੇ ਹਨ | ਉਨ੍ਹਾਂ ਪਿੰਡ ਅਤਰਗੜ੍ਹ ਦੇ ਘਰਾਂ ਦੀਆਂ 'ਚੋ ਰਹੀਆਂ ਛੱਤਾਂ ਬਾਰੇ ਵੀ ਸਰਪੰਚ ਤੋਂ ਜਾਣਕਾਰੀ ਪ੍ਰਾਪਤ ਕੀਤੀ ਤੇ ਉਨ੍ਹਾਂ ਦੀ ਢੁਕਵੀਂ ਮਦਦ ਕਰਨ ਦਾ ਵੀ ਭਰੋਸਾ ਦਿਵਾਇਆ |