ਤਪਾ ਮੰਡੀ, 1 ਸਤੰਬਰ (ਪ੍ਰਵੀਨ ਗਰਗ, ਵਿਜੈ ਸ਼ਰਮਾ)-ਪਿੰਡ ਢਿੱਲਵਾਂ ਡਰੇਨ ਨਜ਼ਦੀਕ ਲਾਲੂਕੇ ਵਾਲੇ ਰਾਹ 'ਤੇ ਲਗਭਗ ਸਵਾ ਮਹੀਨਾ ਪਹਿਲਾਂ ਝੋਨਾ ਲਾਉਣ ਆਏ ਪ੍ਰਵਾਸੀ ਮਜ਼ਦੂਰਾਂ ਵੱਲੋਂ ਰੁਪਈਆਂ ਖ਼ਾਤਰ ਆਪਣੇ ਹੀ ਸਾਥੀ ਦਾ ਕਤਲ ਕਰ ਕੇ ਜ਼ਮੀਨ 'ਚ ਦੱਬ ਦਿੱਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ਼ ਖ਼ਾਨ ਨੇ ਦੱਸਿਆ ਕਿ ਜ਼ਿਲ੍ਹਾ ਪੂਰਨੀਆਂ ਬਿਹਾਰ ਤੋਂ ਇੱਕ ਜ਼ੀਰੋ ਐਫ਼.ਆਈ.ਆਰ. ਕੱਟ ਕੇ ਤਪਾ ਥਾਣਾ ਵਿਖੇ ਆਈ ਸੀ, ਜਿਸ 'ਚ ਮਿ੍ਤਕ ਪ੍ਰਵਾਸੀ ਮਜ਼ਦੂਰ ਦੀ ਪਤਨੀ ਸੰਗੀਤਾ ਨੇ ਦੱਸਿਆ ਕਿ ਉਸ ਦਾ ਪਤੀ ਅਕਸ਼ੇ ਕੁਮਾਰ ਉਰਫ ਸ਼ੰਕਰ ਉਮਰ 27 ਸਾਲ, ਪੁੱਤਰ ਦੇਵਾ ਨੰਦ ਰਾਏ ਵਾਸੀ ਵਾਰਡ ਨੰਬਰ 8, ਰਾਉਪਲੀ, ਜ਼ਿਲ੍ਹਾ ਪੂਰਨੀਆਂ ਬਿਹਾਰ, ਜੋ ਜੁਲਾਈ ਮਹੀਨੇ 'ਚ ਆਪਣੇ ਸਾਥੀਆਂ ਨਾਲ ਝੋਨਾ ਲਗਾਉਣ ਲਈ ਪੰਜਾਬ ਆਇਆ ਸੀ | ਝੋਨੇ ਦਾ ਸੀਜ਼ਨ ਖ਼ਤਮ ਹੋਣ 'ਤੇ ਜਦ ਉਸ ਦਾ ਪਤੀ ਪਿੰਡ ਨਾ ਪਹੁੰਚਿਆ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਨਾਲ ਦੇ ਸਾਥੀਆਂ ਨੂੰ ਅਕਸ਼ੇ ਸਬੰਧੀ ਪੁੱਛਿਆ, ਜਿਸ ਦਾ ਉਨ੍ਹਾਂ ਨੇ ਤਸੱਲੀ ਬਖ਼ਸ਼ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਜ਼ਿਲ੍ਹਾ ਪੂਰਨੀਆਂ ਬਿਹਾਰ ਵਿਖੇ ਸਬੰਧਿਤ ਥਾਣੇ 'ਚ ਸੂਚਨਾ ਦਿੱਤੀ | ਉਪਰੰਤ ਪੁਲਿਸ ਨੇ ਜਦ ਪੁੱਛਗਿੱਛ ਸ਼ੁਰੂ ਕੀਤੀ ਤਾਂ ਮਿ੍ਤਕ ਦੇ ਸਾਥੀ ਉੱਥੋਂ ਫ਼ਰਾਰ ਹੋ ਗਏ | ਜਿਸ ਤੋਂ ਬਾਅਦ ਤਪਾ ਪੁਲਿਸ ਨੇ ਭੇਜੀ ਐਫ਼.ਆਈ.ਆਰ. ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਦੋ ਪ੍ਰਵਾਸੀਆਂ ਨੂੰ ਕਾਬੂ ਕੀਤਾ | ਜਦ ਪੁਲਿਸ ਨੇ ਫੜੇ ਗਏ ਪ੍ਰਵਾਸੀ ਮਜ਼ਦੂਰਾਂ ਨਾਲ ਸਖ਼ਤੀ ਕੀਤੀ ਤਾਂ ਉਨ੍ਹਾਂ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਸਾਥੀਆਂ ਦਾ ਮਿ੍ਤਕ ਨਾਲ ਰੁਪਈਆ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਉਸ ਨੂੰ ਮਾਰ ਕੇ ਢਿਲਵਾਂ ਡਰੇਨ ਨਜ਼ਦੀਕ ਟੋਆ ਪੁੱਟ ਕੇ ਦੱਬ ਦਿੱਤਾ ਅਤੇ ਉਸ ਤੋਂ ਬਾਅਦ ਉਹ ਆਪੋ ਆਪਣੇ ਪਿੰਡ ਚਲੇ ਗਏ | ਫ਼ਿਲਹਾਲ ਪੁਲਿਸ ਵਲੋਂ ਕਾਬੂ ਕੀਤੇ ਗਏ ਪ੍ਰਵਾਸੀ ਮਜ਼ਦੂਰਾਂ ਦੀ ਨਿਸ਼ਾਨਦੇਹੀ 'ਤੇ ਮਿ੍ਤਕ ਦੀ ਲਾਸ਼ ਲੱਭਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਘਟਨਾ ਦਾ ਪਤਾ ਲੱਗਦੇ ਹੀ ਡੀ.ਐਸ.ਪੀ. ਤਪਾ ਗੁਰਬਿੰਦਰ ਸਿੰਘ, ਤਹਿਸੀਲਦਾਰ ਉਂਕਾਰ ਸਿੰਘ ਤੋਂ ਇਲਾਵਾ ਫੋਰੈਂਸਿਕ ਅਤੇ ਮੈਡੀਕਲ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ | ਦੱਸ ਦਈਏ ਕਿ ਮਿ੍ਤਕ ਪ੍ਰਵਾਸੀ ਮਜ਼ਦੂਰ ਆਪਣੇ ਪਿੱਛੇ ਆਪਣੀ ਪਤਨੀ ਅਤੇ ਤਿੰਨ ਬੇਟੀਆਂ ਨੂੰ ਛੱਡ ਗਿਆ ਹੈ | ਖਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਮਿ੍ਤਕ ਦੀ ਲਾਸ਼ ਲੱਭਣ ਲਈ ਜੇ.ਸੀ.ਬੀ ਮਸ਼ੀਨ ਨਾਲ ਖ਼ੁਦਾਈ ਜਾਰੀ ਸੀ |