ਬਰਨਾਲਾ, 1 ਸਤੰਬਰ (ਨਰਿੰਦਰ ਅਰੋੜਾ)-ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਸ਼ ਨਾਲ ਲੋਕਾਂ ਨੂੰ ਹੁਣ ਰਾਹਤ ਦੀ ਜਗ੍ਹਾ ਆਫ਼ਤ ਮਿਲਣੀ ਸ਼ੁਰੂ ਹੋ ਗਈ ਹੈ | ਅੱਜ ਬਰਨਾਲਾ ਦੇ ਰਾਏਕੋਟ ਰੋਡ ਵਿਖੇ ਸਥਿਤ ਫ਼ਤਿਹ ਬਸਤੀ ਵਿਖੇ ਇਕ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਰ ਕੇ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਜ਼ਖ਼ਮੀ ਵਿਅਕਤੀ ਦੇ ਭਰਾ ਬਲੌਰ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ 8 ਵਜੇ ਦੇ ਕਰੀਬ ਮੀਂਹ ਪੈ ਰਿਹਾ ਸੀ ਤਾਂ ਉਸ ਦਾ ਭਰਾ ਸਮਾਨ ਛੱਤ ਚੋਣ ਕਰ ਕੇ ਬਾਹਰ ਕੱਢ ਰਿਹਾ ਸੀ, ਲੇਕਿਨ ਅਚਾਨਕ ਹੀ ਉਸ ਉੱਪਰ ਇਕ ਦਮ ਛੱਤ ਡਿਗ ਗਈ | ਜਿਸ ਨਾਲ ਉਹ ਮਲਬੇ ਹੇਠਾਂ ਦੱਬ ਗਿਆ ਜਿਸ ਨੂੰ ਬੜੀ ਮਸ਼ੱਕਤ ਨਾਲ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਬਰਨਾਲਾ ਵਿਖੇ ਉਸ ਨੂੰ ਦਾਖਲ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਰਾ ਦੀ ਹਾਲਤ ਗੰਭੀਰ ਹੈ | ਜਿਸ ਦਾ ਇਲਾਜ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਘਰ ਦੀਆਂ ਛੱਤਾਂ ਚੌ ਰਹੀਆਂ ਹਨ | ਉਨ੍ਹਾਂ ਵਲੋਂ ਪਿਛਲੇ 6 ਮਹੀਨਿਆਂ ਤੋਂ ਕੱਚੀਆਂ ਛੱਤਾਂ ਨੂੰ ਪੱਕੀਆਂ ਕਰਨ ਵਾਲੇ ਫਾਰਮ ਵੀ ਭਰੇ ਹੋਏ ਹਨ ਲੇਕਿਨ ਅਜੇ ਤੱਕ ਵੀ ਉਨ੍ਹਾਂ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ, ਹੁਣ ਉਹ ਸਾਰਾ ਸਮਾਨ ਘਰ ਦਾ ਬਾਹਰ ਕੱਢ ਕੇ ਦੂਜੇ ਕਿਸੇ ਗੁਆਂਢੀ ਦੇ ਘਰ ਰਹਿ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਉਨ੍ਹਾਂ ਦੀਆਂ ਛੱਤਾਂ ਨੂੰ ਬਦਲਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਉਹ ਦਿਹਾੜੀ ਕਰ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ |