ਬਰਨਾਲਾ, 1 ਸਤੰਬਰ (ਨਰਿੰਦਰ ਅਰੋੜਾ)-ਬੱਸ ਸਟੈਂਡ ਰੋਡ 'ਤੇ ਮੀਂਹ ਅਤੇ ਸੀਵਰੇਜ ਦਾ ਪਾਣੀ ਭਰ ਜਾਣ ਕਾਰਨ ਦੁਕਾਨਦਾਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਕਾਰਨ ਦੁਕਾਨਦਾਰਾਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ਾਸਨ ਅਤੇ ਸਰਕਾਰ ਵਿਰੱੁਧ ਨਾਅਰੇਬਾਜ਼ੀ ਕੀਤੀ ਗਈ | ਗੱਲਬਾਤ ਕਰਦਿਆਂ ਦੁਕਾਨਦਾਰਾਂ ਪ੍ਰਦੀਪ ਕੁਮਾਰ, ਜਤਿਨ ਜਿੰਦਲ, ਯੋਗੇਸ਼ ਸਿੰਗਲਾ, ਹੈਪੀ, ਸੋਨੰੂ, ਦਾਨੀਆ, ਕਾਕਾ ਆਦਿ ਨੇ ਕਿਹਾ ਕਿ ਇੱਥੇ ਸੀਵਰੇਜ ਓਵਰਫ਼ਲੋ ਹੋਣ ਕਾਰਨ ਅਸੀਂ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਾਂ ਦੂਜੇ ਪਾਸੇ ਜਦੋਂ ਮੀਂਹ ਪੈ ਜਾਂਦਾ ਹੈ ਤਾਂ ਸਾਰਾ ਰੋਡ ਗੰਦੇ ਪਾਣੀ ਨਾਲ ਭਰ ਜਾਂਦਾ ਹੈ ਅਤੇ ਇਹ ਗੰਦਾ ਪਾਣੀ ਸਾਡੀਆਂ ਦੁਕਾਨਾਂ ਦੇ ਅੰਦਰ ਚਲਾ ਜਾਂਦਾ ਹੈ | ਜਿਸ ਨਾਲ ਸਾਡਾ ਕਾਫ਼ੀ ਨੁਕਸਾਨ ਹੁੰਦਾ ਹੈ ਅਤੇ ਵਪਾਰ ਵੀ ਬਿਲਕੁਲ ਹੀ ਠੱਪ ਹੋ ਕੇ ਰਹਿ ਜਾਂਦਾ ਹੈ | ਅਸੀਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਹੈ ਪਰ ਕਿਸੇ ਨੇ ਸਾਡੀ ਸਾਰ ਨਹੀਂ ਲਈ | ਮੌਕੇ 'ਤੇ ਪਹੁੰਚੇ 'ਆਪ' ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਜਿੱਥੇ ਦੁਕਾਨਦਾਰਾਂ ਦੀ ਸਾਰ ਲਈ, ਉੱਥੇ ਹੀ ਗੱਲਬਾਤ ਕਰਦਿਆਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਸਾਰੇ ਨਾਲਿਆਂ ਦੀ ਸਫ਼ਾਈ ਕਰਵਾਉਣੀ ਹੁੰਦੀ ਹੈ | ਜੇ ਸਹੀ ਸਮੇਂ 'ਤੇ ਇਹ ਸਫ਼ਾਈ ਕਰਵਾਈ ਹੁੰਦੀ ਤਾਂ ਅੱਜ ਸ਼ਹਿਰ ਬਰਨਾਲੇ ਦਾ ਇਹ ਹਾਲ ਨਾ ਹੁੰਦਾ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜ਼ਮੀਨੀ ਹਕੀਕਤ 'ਤੇ ਝਾਤ ਮਾਰ ਕੇ ਅਜਿਹੇ ਕੰਮ ਕਰਵਾਏ ਜਾਣ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ |