ਬਰਨਾਲਾ, 2 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਹੜ੍ਹਾਂ ਵਰਗੇ ਹਾਲਾਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਜ਼ਰੂਰੀ ਚੀਜ਼ਾਂ ਦੀ ਜਮ੍ਹਾਖੋਰੀ ਕਰਨ ਵਾਲੇ ਅਤੇ ਵਧੇਰੇ ਕੀਮਤ ਵਸੂਲਣ ਵਾਲੇ ਵਪਾਰੀਆਂ ਨੂੰ ਚੇਤਾਵਨੀ ਦਿੰਦਿਆਂ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕੁੱਝ ਦੁਕਾਨਦਾਰ ਜ਼ਰੂਰੀ ਚੀਜ਼ਾਂ ਜਿਵੇਂ ਕਿ ਖਾਣ-ਪੀਣ ਦੀਆਂ ਵਸਤੂਆਂ, ਪੈਟਰੋਲ, ਡੀਜ਼ਲ, ਚਾਰਾ ਅਤੇ ਹੋਰ ਰੋਜ਼ਾਨਾ ਦੀਆਂ ਲੋੜਾਂ ਦੀਆਂ ਵਸਤੂਆਂ ਦੀ ਜਮ੍ਹਾਂਖੋਰੀ ਕਰ ਰਹੇ ਹਨ | ਇਸ ਨਾਲ ਕੀਮਤਾਂ ਵਿਚ ਵਾਧੇ, ਕਾਲਾਬਾਜ਼ਾਰੀ ਅਤੇ ਸਪਲਾਈ ਦੀ ਕਮੀ ਆ ਸਕਦੀ ਹੈ, ਜਿਸ ਨਾਲ ਆਮ ਲੋਕਾਂ ਖ਼ਾਸ ਕਰ ਕੇ ਸਮਾਜ ਦੇ ਕਮਜ਼ੋਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ | ਉਨ੍ਹਾਂ ਹਦਾਇਤ ਕੀਤੀ ਕਿ ਇਨ੍ਹਾਂ ਵਸਤਾਂ ਦੇ ਭੰਡਾਰਨ ਦੀ ਸਖ਼ਤ ਮਨਾਹੀ ਹੈ | ਇਸ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਕਿਸੇ ਵੀ ਵਿਅਕਤੀ, ਵਪਾਰੀ, ਫ਼ਰਮ ਜਾਂ ਇਕਾਈ ਨੂੰ ਜ਼ਰੂਰੀ ਵਸਤੂਆਂ ਦਾ ਭੰਡਾਰ ਕਰਨ ਦੀ ਇਜਾਜ਼ਤ ਨਹੀਂ ਹੈ | ਇਹਨਾਂ 'ਚ ਅਨਾਜ ਅਤੇ ਵਸਤਾਂ, ਚਾਰਾ, ਦੁੱਧ ਅਤੇ ਡੇਅਰੀ ਉਤਪਾਦ, ਪੈਟਰੋਲ ਤੇ ਹੋਰ ਬਾਲਣ ਅਤੇ ਰੋਜ਼ਾਨਾ ਵਰਤੋਂ ਦੀਆਂ ਹੋਰ ਚੀਜ਼ਾਂ ਸ਼ਾਮਲ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਵਾਸੀ ਕਾਲਾਬਾਜ਼ਾਰੀ ਜਾਂ ਕੀਮਤ ਵਿਚ ਹੇਰਾਫੇਰੀ ਦੇ ਕਿਸੇ ਵੀ ਮਾਮਲੇ ਦੀ ਸੂਚਨਾ ਸਬੰਧਿਤ ਅਧਿਕਾਰੀਆਂ ਨੂੰ ਦੇ ਸਕਦੇ ਹਨ | ਜ਼ਰੂਰੀ ਵਸਤਾਂ/ਪੈਟਰੋਲ/ਡੀਜ਼ਲ/ਆਦਿ ਸਬੰਧੀ ਸ਼ਿਕਾਇਤ ਲਈ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ 97797-25465 ਅਤੇ ਏ.ਐਫ.ਐਸ.ਓ. ਪਰਦੀਪ ਸਿੰਘ 98720-18044 ਨਾਲ ਸੰਪਰਕ ਕੀਤਾ ਜਾ ਸਕਦਾ ਹੈ | ਇਸੇ ਤਰ੍ਹਾਂ ਪਸ਼ੂਆਂ ਸਬੰਧੀ ਸਮੱਸਿਆ ਦੀ ਸ਼ਿਕਾਇਤ ਕਰਨ ਲਈ ਪਸ਼ੂ ਪਾਲਣ ਵਿਭਾਗ (ਵੈਟਰਨਰੀ ਸੇਵਾਵਾਂ ਲਈ) ਡਿਪਟੀ ਡਾਇਰੈਕਟਰ ਡਾ. ਕਰਮਜੀਤ ਸਿੰਘ 95011-18071 ਅਤੇ ਵੀ.ਓ. ਡਾ. ਗਗਨਜੋਤ ਸਿੰਘ 96643-43592, ਮੰਡੀ ਨਾਲ ਸਬੰਧਿਤ ਸਬਜ਼ੀਆਂ/ਫਲਾਂ ਆਦਿ ਲਈ ਮੰਡੀ ਬੋਰਡ ਨੂੰ ਸ਼ਿਕਾਇਤ ਕਰਨ ਲਈ ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ 99882-12210 ਅਤੇ ਸਕੱਤਰ ਮਾਰਕੀਟ ਕਮੇਟੀ ਕੁਲਵਿੰਦਰ ਸਿੰਘ 98151-80178, ਮਾਰਕਫੈੱਡ ਅਤੇ ਮਿਲਕਫੈੱਡ (ਪਸ਼ੂਆਂ ਦੇ ਚਾਰੇ ਲਈ) ਡੀ.ਐਮ. ਸ੍ਰੀਮਤੀ ਕਮਲਪ੍ਰੀਤ ਕੌਰ 94179-45150 ਅਤੇ ਮਿਸਟਰ ਯਾਸੀਨ ਐਫ.ਐੱਸ.ਓ. 75278-84373, ਸਿਹਤ ਵਿਭਾਗ (ਦਵਾਈਆਂ ਲਈ) ਪਵਨ ਕੁਮਾਰ ਚੀਫ਼ ਫਾਰਮੇਸੀ ਅਫ਼ਸਰ 98728-69002 ਨਾਲ ਸੰਪਰਕ ਕੀਤਾ ਜਾ ਸਕਦਾ ਹੈ |