ਤਪਾ ਮੰਡੀ, 2 ਸਤੰਬਰ (ਪ੍ਰਵੀਨ ਗਰਗ)-ਸੰਤ ਚਿਤਾ ਨੰਦ ਗਊਸ਼ਾਲਾ ਪ੍ਰਬੰਧਕ ਕਮੇਟੀ ਦੀ ਇਕ ਮੀਟਿੰਗ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ | ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਮੂਹ ਨਗਰ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ 5 ਨਵੰਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ | ਉਪਰੰਤ ਇਸੇ ਦਿਨ ਹੀ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਅਤੇ ਲੋੜੀਂਦਾ ਸਮਾਨ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੁੰਨ ਦਾ ਇਹ ਕਾਰਜ ਇਲਾਕੇ ਅਤੇ ਦੇਸਾਂ ਪ੍ਰਦੇਸ਼ਾਂ ਵਿਚੋਂ ਦਾਨੀ ਸੱਜਣਾਂ ਅਤੇ ਸੰਤ ਚਿਤਾ ਨੰਦ ਦੇ ਸ਼ਰਧਾਲੂਆਂ ਅਤੇ ਸੇਵਕਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ | ਸਿੱਖ ਧਰਮ ਨਾਲ ਸੰਬੰਧਿਤ ਲੜਕੀਆਂ ਦੇ ਵਿਆਹ ਅਨੰਦ-ਕਾਰਜ ਅਤੇ ਬਾਕੀ ਧਰਮਾਂ ਨਾਲ ਸਬੰਧਿਤ ਲੜਕੀਆਂ ਦਾ ਵਿਆਹ ਉਨ੍ਹਾਂ ਦੇ ਧਰਮ ਦੀ ਹੀ ਰਸਮ ਅਨੁਸਾਰ ਕੀਤਾ ਜਾਵੇਗਾ | ਉਨ੍ਹਾਂ ਆਖਿਆ ਕਿ ਕੋਈ ਵੀ ਚਾਹਵਾਨ ਪਰਿਵਾਰ ਇਕ ਸਾਦੇ ਕਾਗ਼ਜ਼ 'ਤੇ ਅਰਜ਼ੀ ਪ੍ਰਧਾਨ ਸੰਤ ਚਿਤਾ ਨੰਦ ਗਊਸ਼ਾਲਾ ਪ੍ਰਬੰਧਕ ਕਮੇਟੀ ਆਲੀਕੇ ਦੇ ਨਾਂਅ ਲਿਖ ਕੇ ਆਪਣੇ ਅਤੇ ਸੰਬੰਧਿਤ ਲੜਕੀ ਦੇ ਕਾਗ਼ਜ਼ੀ ਸਬੂਤ (ਜਨਮ ਅਤੇ ਰਿਹਾਇਸ਼ ਬਾਰੇ) ਦਫ਼ਤਰ ਪ੍ਰਬੰਧਕ ਕਮੇਟੀ ਵਿਚ ਦਸਤੀ ਰੂਪ ਵਿਚ ਕਿਸੇ ਵੀ ਦਿਨ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਪਹੁੰਚ ਕਰ ਕੇ 10 ਅਕਤੂਬਰ ਤੱਕ ਦੇ ਸਕਦਾ ਹੈ | ਇਸ ਮੌਕੇ ਸੰਤ ਚਿਤਾਨੰਦ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਸੈਕਟਰੀ ਨੰਬਰਦਾਰ ਬਲਜਿੰਦਰ ਸਿੰਘ, ਸਹਾਇਕ ਖ਼ਜ਼ਾਨਚੀ ਗੁਰਤੇਜ ਸਿੰਘ ਨੈਣੇਵਾਲ, ਸਟੋਰ ਕੀਪਰ ਜਿਊਣ ਸਿੰਘ ਮੌੜ ਮਕਸੂਥਾ, ਸਹਾਇਕ ਸਕੱਤਰ ਸਾਬਕਾ ਸਰਪੰਚ ਦਲੀਪ ਸਿੰਘ, ਗੋਪਾਲ ਕਿ੍ਸ਼ਨ, ਹਾਕਮ ਸਿੰਘ ਆਲੀਕੇ, ਹਰਦੀਪ ਸਿੰਘ ਢਿੱਲੋਂ, ਸੁਰਿੰਦਰ ਕੁਮਾਰ, ਸੁਰਜੀਤ ਸਿੰਘ, ਸੁਖਚੈਨ ਸਿੰਘ, ਗੁਰਮੀਤ ਸਿੰਘ, ਗੋਬਿੰਦ ਰਾਏ, ਜੀਤ ਸਿੰਘ, ਗੁਰਚਰਨ ਸਿੰਘ, ਗੁਰਬਖ਼ਸ਼ ਸਿੰਘ, ਪਰਮਜੀਤ ਸਿੰਘ ਪੱਪੂ, ਬਲਜਿੰਦਰ ਕੁਮਾਰ, ਸੱਤਾ ਅਤੇ ਬੰਟੀ ਨੈਣੇਵਾਲ ਆਦਿ ਸਮੂਹ ਮੈਂਬਰ ਮੌਜੂਦ ਸਨ |