ਭਦੌੜ, 2 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਕਈ ਘਰਾਂ ਦੀਆਂ ਛੱਤਾਂ ਡਿੱਗਣ ਦਾ ਸਮਾਚਾਰ ਹੈ | ਭਾਰੀ ਮੀਂਹ ਕਾਰਨ ਪੱਕੇ ਲੈਂਟਰ ਵੀ ਚੋਣ ਲੱਗ ਗਏ ਹਨ ਜਿਸ ਕਰ ਕੇ ਲੋਕਾਂ ਦਾ ਜਨਜੀਵਨ ਪਿਛਲੇ ਇਕ ਹਫ਼ਤੇ ਤੋਂ ਬਹੁਤ ਪ੍ਰਭਾਵਿਤ ਹੋਇਆ ਪਿਆ ਹੈ | ਕਸਬਾ ਭਦੌੜ ਵਿਖੇ ਬੀਤੀ ਰਾਤ 11 ਵਜੇ ਦੇ ਕਰੀਬ ਸੰਜੀਵ ਕੁਮਾਰ ਬੱਤਾ ਪੁੱਤਰ ਜਗਦੀਸ਼ ਰਾਏ ਬੱਤਾ ਨੇੜੇ ਅੰਦਰਲਾ ਗੁਰਦੁਆਰਾ ਸਾਹਿਬ ਭਦੌੜ ਦੀ ਛੱਤ ਡਿੱਗਣ ਕਾਰਨ ਉਸ ਦੀ ਮਾਤਾ ਸੰਕੁਤਲਾ ਦੇਵੀ (85) ਦੀ ਲੱਤ ਟੁੱਟ ਗਈ ਅਤੇ ਦੀ ਬੇਟੀ ਯੋਗਿਤਾ ਬੱਤਾ ਦੇ ਗੰਭੀਰ ਸੱਟਾਂ ਲੱਗੀਆਂ ਹਨ | ਮਾਤਾ ਸੰਕੁਤਲਾ ਦੇਵੀ ਜੋ ਕਿ ਬੀ.ਐਮ.ਸੀ. ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਹਨ | ਸੰਜੀਵ ਕੁਮਾਰ ਬੱਤਾ ਦੇ ਘਰ ਦੀ ਛੱਤ ਡਿੱਗਣ ਕਾਰਨ ਘਰ ਦਾ ਸਾਰਾ ਸਮਾਨ ਖ਼ਰਾਬ ਹੋ ਗਿਆ | ਰਾਤ ਨੂੰ ਗੁਆਂਢੀਆਂ ਦੀ ਸਹਾਇਤਾ ਨਾਲ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ | ਇਸ ਤੋਂ ਇਲਾਵਾ ਗੁਰਮੀਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪੱਤੀ ਦੀਪ ਸਿੰਘ ਦੇ ਕਮਰੇ ਦੀ ਛੱਤ ਡਿੱਗਣ ਦੇ ਨਾਲ ਘਰੇਲੂ ਸਾਮਾਨ ਦਾ ਨੁਕਸਾਨ ਹੋ ਗਿਆ ਹੈ | ਰਣਜੀਤ ਸਿੰਘ ਪੁੱਤਰ ਇੰਦਰ ਸਿੰਘ ਪੱਤੀ ਦੀਪ ਸਿੰਘ ਦੇ ਕਮਰੇ ਦੀ ਛੱਤ ਡਿੱਗਣ ਨਾਲ ਵੀ ਸਾਮਾਨ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ | ਇਸ ਤੋਂ ਇਲਾਵਾ ਤੇਜਾ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਗਿੱਲ ਕੋਠੇ ਪੱਤੀ ਦੀਪ ਸਿੰਘ ਦੇ ਕਮਰੇ ਦੀ ਵੀ ਛੱਤ ਡਿੱਗਣ ਦੇ ਨਾਲ ਕਾਫ਼ੀ ਨੁਕਸਾਨ ਹੋਣ ਦਾ ਸਮਾਚਾਰ ਹੈ |