ਬਰਨਾਲਾ, 3 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਜ਼ਿਲ੍ਹਾ ਬਰਨਾਲਾ ਦੇ ਸਾਰੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਸੁਰੱਖਿਅਤ ਇਮਾਰਤਾਂ 'ਚੋਂ ਨਿੱਕਲ ਕੇ ਸਰਕਾਰ ਵਲੋਂ ਬਣਾਏ ਗਏ ਰਾਹਤ ਕੈਂਪਾਂ 'ਚ ਆਸਰਾ ਲੈਣ | ਜ਼ਿਲ੍ਹਾ ਵਾਸੀਆਂ ਲਈ ਜਾਰੀ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਾਫ਼ੀ ਘਰਾਂ ਵਿਚ ਸੀਪੇਜ਼ ਅਤੇ ਲੀਕੇਜ਼ ਦੀ ਸਮੱਸਿਆ ਆ ਰਹੀ ਹੈ | ਇਸ ਲਈ ਉਨ੍ਹਾਂ ਵਲੋਂ ਬੇਨਤੀ ਕੀਤੀ ਗਈ ਹੈ ਕਿ ਜਿੱਥੇ ਵੀ ਇਹ ਸਮੱਸਿਆ ਆ ਰਹੀ ਹੈ, ਉਹ ਲੋਕ ਆਪਣੀ ਜਾਨ ਨੂੰ ਮੁਸੀਬਤ ਵਿਚ ਨਾ ਪਾਉਂਦੇ ਹੋਏ ਤੁਰੰਤ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਰਾਹਤ ਸੈਂਟਰਾਂ ਵਿਚ ਸ਼ਿਫ਼ਟ ਹੋ ਜਾਣ ਜਾਂ ਆਪਣੀ ਸੁਵਿਧਾ ਅਨੁਸਾਰ ਆਪਣੇ ਕਿਸੇ ਕਰੀਬੀ ਜਾਂ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਵੀ ਜਾ ਸਕਦੇ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਸ਼ਹਿਰ ਬਰਨਾਲਾ ਵਿਚ ਐੱਸ.ਐੱਸ.ਡੀ. ਕਾਲਜ, ਰਹਿਣ ਬਸੇਰਾ ਅਤੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਤਿੰਨ ਰਾਹਤ ਸੈਂਟਰ ਤਿਆਰ ਕੀਤੇ ਗਏ ਹਨ | ਇਨ੍ਹਾਂ ਰਾਹਤ ਸੈਂਟਰਾਂ ਵਿਚ ਲਗਭਗ 500 ਦੇ ਕਰੀਬ ਲੋਕਾਂ ਵਾਸਤੇ ਇੰਤਜ਼ਾਮ ਕੀਤੇ ਹੋਏ ਹਨ | ਇਸੇ ਤਰ੍ਹਾਂ ਧਨੌਲਾ ਵਿਚ ਸਨਾਤਨ ਧਰਮ ਸਭਾ, ਸ਼ੈਲਰ ਹਾਲ ਰਾਜਗੜ੍ਹ ਰੋਡ ਧਨੌਲਾ, ਹੰਡਿਆਇਆ ਵਿਚ ਗੁਰਦੁਆਰਾ ਨੌਵੀਂ ਪਾਤਸ਼ਾਹੀ, ਤਪਾ ਮੰਡੀ ਵਿਚ ਅਗਰਵਾਲ ਧਰਮਸ਼ਾਲਾ ਨੇੜੇ ਬੀ.ਐਸ.ਐਨ.ਐਲ. ਐਕਸਚੇਂਜ ਅਤੇ ਭਦੌੜ ਵਿਚ ਸ਼ਿਵ ਮੰਦਿਰ ਪੱਥਰਾਂ ਵਾਲੀ ਰੋਡ ਵਿਖੇ ਪ੍ਰਸ਼ਾਸਨ ਵਲੋਂ ਰਾਹਤ ਸੈਂਟਰ ਬਣ ਰਹੇ ਹਨ | ਇਸ ਦੇ ਨਾਲ ਹੀ ਸਾਰੇ ਪਿੰਡਾਂ ਵਿਚ ਜੋ ਧਰਮਸ਼ਾਲਾ ਜਾਂ ਸਾਂਝੀਆਂ ਥਾਵਾਂ, ਗੁਰਦੁਆਰਾ ਸਾਹਿਬ ਅਤੇ ਪੰਚਾਇਤ ਘਰ ਹਨ, ਉਨ੍ਹਾਂ ਨੂੰ ਵੀ ਪ੍ਰਸ਼ਾਸਨ ਵਲੋਂ ਰਾਹਤ ਸੈਂਟਰ ਵਜੋਂ ਵਰਤਿਆ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਟੋਲ ਫ਼ਰੀ ਨੰਬਰ 01679-233031 ਹੈ | ਇਹ ਕੰਟਰੋਲ ਰੂਮ 24/7 ਚੱਲ ਰਿਹਾ ਹੈ | ਇੱਥੇ ਸਾਡੇ ਮੁਲਾਜ਼ਮ 24 ਘੰਟੇ ਤਾਇਨਾਤ ਹਨ | ਕਿਤੇ ਵੀ ਕਿਸੇ ਨੂੰ ਕੋਈ ਵੀ ਸਮੱਸਿਆ ਹੈ ਤਾਂ ਉਹ ਜ਼ਰੂਰ ਦੱਸੋ ਤਾਂ ਜੋ ਲੋੜੀਂਦੀ ਕਾਰਵਾਈ ਅਮਲ ਵਿਚ ਲਿਆ ਸਕੀਏ |