ਟੱਲੇਵਾਲ, 4 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਭਾਗ ਪੈਲੇਸ ਵਿਖੇ ਉੱਘੇ ਕਾਮੇਡੀਅਨ ਭਾਨਾ ਭਗੌੜਾ ਅਤੇ ਭੂਟੋ ਦੀ ਅਗਵਾਈ ਵਿਚ 'ਬੱਲੇ ਬੱਲੇ 2025' ਦੇ ਸਿਰਲੇਖ ਹੇਠ ਕਰਵਾਇਆ ਜਾ ਰਿਹਾ ਵਿਰਾਸਤੀ ਮੇਲਾ ਸੂਬੇ ਵਿਚ ਆਏ ਹੜ੍ਹਾਂ ਦੇ ਮੱਦੇਨਜ਼ਰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਗ ਪੈਲੇਸ ਚੀਮਾ ਦੇ ਐਮ.ਡੀ ਪਰਵਿੰਦਰ ਸਿੰਘ ਚੀਮਾ ਅਤੇ ਸੁਖਵਿੰਦਰ ਸਿੰਘ ਗੋਨੀ ਨੇ ਦੱਸਿਆ ਕਿ ਉਕਤ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਮੌਕੇ ਪੰਜਾਬ ਦੇ ਮਸ਼ਹੂਰ ਕਮੇਡੀਅਨਾਂ ਨੇ ਰੰਗ ਬੰਨ੍ਹਣਾ ਸੀ, ਪਰ ਅੱਜ ਪੰਜਾਬ ਦਾ ਮਾਹੌਲ ਹੜ੍ਹਾਂ ਕਾਰਨ ਗ਼ਮਗੀਨ ਹੈ | ਜਿਸ ਦੇ ਚੱਲਦਿਆਂ ਅਸੀਂ ਹੜ੍ਹ ਪੀੜਤ ਲੋਕਾਂ ਲਈ ਜਿੱਥੇ ਅਰਦਾਸ ਕਰਦੇ ਹਾਂ, ਉੱਥੇ ਉਨ੍ਹਾਂ ਦੀ ਹਰ ਸੰਭਵ ਮਦਦ ਵੀ ਕੀਤੀ ਜਾਵੇਗੀ ਅਤੇ ਇਸ ਦੇ ਚੱਲਦਿਆਂ ਹੀ ਇਹ ਸਮਾਗਮ ਅਣਮਿਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਹੈ | ਇਸ ਮੌਕੇ ਬਿੰਦਰ ਜੋਗਾ, ਹਰਭਜਨ ਸਿੰਘ, ਸੁੱਖਾ ਬਰਨਾਲਾ, ਵੀਰਪਾਲ ਕੌਰ, ਪ੍ਰਗਟ ਸਿੰਘ ਭਾਗ ਪੈਲੇਸ, ਸੁਖਵਿੰਦਰ ਸਿੰਘ ਗੋਨੀ ਭਾਗ ਪੈਲੇਸ ਤੇ ਪਰਵਿੰਦਰ ਸਿੰਘ ਭਾਗ ਪੈਲੇਸ ਵਾਲੇ ਆਦਿ ਵੀ ਹਾਜ਼ਰ ਸਨ |