ਮਹਿਲ ਕਲਾਂ, 4 ਸਤੰਬਰ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਚਾਰੇ, ਅਚਾਰ ਦੀਆਂ 10 ਟਰਾਲੀਆਂ ਸਥਾਨਕ ਅਨਾਜ ਮੰਡੀ ਤੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਹੜ੍ਹ ਪੀੜਤ ਇਲਾਕੇ ਫ਼ਿਰੋਜ਼ਪੁਰ ਲਈ ਭੇਜੀਆਂ ਗਈਆਂ ਹਨ | ਇਸ ਸਮੇਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਹੈ, ਸਾਰਿਆਂ ਦਾ ਫ਼ਰਜ਼ ਹੈ ਇਸ ਕਠਨ ਸਮੇਂ ਇਕ ਦੂਜੇ ਦਾ ਸਾਥ ਦੇਈਏ | ਭਵਿੱਖ 'ਚ ਜੋ ਵੀ ਸੇਵਾ ਲਗਾਈ ਜਾਵੇਗੀ | ਉਸ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ | ਵਿਧਾਇਕ ਪੰਡੋਰੀ ਨੇ ਕਿਹਾ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਮੁੜ ਵਸੇਬੇ ਲਈ ਵੀ ਪੂਰਨ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਸਮਾਂ ਇਕ ਦੂਜੇ 'ਤੇ ਦੂਸ਼ਣਬਾਜ਼ੀ ਕਰਨ ਦਾ ਨਹੀਂ ਬਲਕਿ ਬਿਪਤਾ 'ਚ ਫਸੇ ਲੋਕਾਂ ਨੂੰ ਤਰਸਯੋਗ ਹਾਲਤਾਂ 'ਚੋਂ ਕੱਢਣ ਦਾ ਹੈ | ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੀ ਡਿਊਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਲੋਕਾਂ ਦੀ ਸੇਵਾ 'ਚ ਲਗਾਈ ਗਈ ਹੈ | ਇਸ ਤੋਂ ਪਹਿਲਾਂ ਬਰਨਾਲਾ ਤੋਂ ਰਾਸ਼ਨ ਅਤੇ ਹੋਰ ਲੋੜੀਂਦੀ ਸਮਗਰੀ ਭੇਜੀ ਜਾ ਚੁੱਕੀ ਹੈ | ਇਸ ਸਮੇਂ ਲੋਕ ਗੁ: ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਵਲੋਂ ਅਰਦਾਸ ਕਰਨ ਉਪਰੰਤ 10 ਟਰਾਲੀਆਂ ਨੂੰ ਰਵਾਨਾ ਕੀਤਾ ਗਿਆ | ਇਸ ਸਮੇਂ ਸਰਪੰਚ ਸਰਬਜੀਤ ਸਿੰਘ ਸ਼ੰਭੂ, ਯੂਥ ਆਗੂ ਅਰੁਣ ਕੁਮਾਰ ਬਾਂਸਲ, ਅਵਤਾਰ ਸਿੰਘ ਮਹਿਲ ਖ਼ੁਰਦ, ਮਾ: ਹਰਮਨਜੀਤ ਸਿੰਘ ਕੁਤਬਾ, ਬਲਜੀਤ ਸਿੰਘ ਕੁਤਬਾ, ਮਨਜੀਤ ਸਿੰਘ ਸਹਿਜੜਾ, ਯਾਦੂ ਛਾਪਾ, ਗੁਰਜੀਤ ਸਿੰਘ ਧਾਲੀਵਾਲ, ਪੁਨੀਤ ਮਾਨ, ਮਹਿਕ ਚੀਮਾ, ਕਿਰਨਜੀਤ ਸਿੰਘ ਮਿੰਟੂ, ਗੁਰਪ੍ਰੀਤ ਸਿੰਘ ਰਾਏਸਰ, ਹੈਪੀ ਔਲਖ, ਰਮਨਦੀਪ ਸਿੰਘ ਦੀਪੀ ਆਦਿ ਹਾਜ਼ਰ ਸਨ |