ਸ਼ਹਿਣਾ, 4 ਸਤੰਬਰ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ ਤੇ ਸਨਅਤੀ ਫ਼ਰਮ ਮਣਕੂ ਰਿਪੇਅਰ ਅਤੇ ਐਗਰੀਕਲਚਰ ਵਰਕਸ ਦੀ 500 ਫੱੁਟ ਲੰਬੀ ਕੰਧ ਮੀਂਹ ਦੇ ਪਾਣੀ ਕਾਰਨ ਡਿਗ ਗਈ ਅਤੇ ਮਸ਼ੀਨਰੀ ਦਾ ਕਾਫੀ ਨੁਕਸਾਨ ਹੋਇਆ | ਹੜੰਬਾ ਮਸ਼ੀਨ ਬਣਾਉਣ ਵਿਚ ਪ੍ਰਸਿੱਧ ਸਨਅਤੀ ਇਕਾਈ ਮਣਕੂ ਰਿਪੇਅਰ ਐਂਡ ਐਗਰੀਕਲਚਰ ਵਰਕਸ ਦੇ ਐਮ.ਡੀ ਭੁਪਿੰਦਰ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੀ ਸਨਅਤੀ ਇਕਾਈ ਦੇ ਨਾਲ ਡਰੇਨ ਲੰਘਦੀ ਹੋਣ ਕਰ ਕੇ ਡਰੇਨ ਵਿਚ ਵਗਦਾ ਮੀਂਹ ਦਾ ਪਾਣੀ ਓਵਰਫ਼ਲੋ ਹੋ ਗਿਆ ਅਤੇ ਸਨਅਤੀ ਇਕਾਈਆਂ ਦੀਆਂ ਕੰਧਾਂ ਉਕਤ ਮੀਂਹ ਦੇ ਪਾਣੀ ਦੀ ਭੇਟ ਚੜ੍ਹ ਗਈਆਂ | ਉਨ੍ਹਾਂ ਦੱਸਿਆ ਕਿ ਕੰਧਾਂ ਡਿੱਗਣ ਨਾਲ ਵਰਕਸ਼ਾਪ ਵਿਚ ਪਾਈ ਮਿੱਟੀ ਦਾ ਕਾਫ਼ੀ ਹਿੱਸਾ ਵੀ ਰੁੜ੍ਹ ਗਿਆ ਅਤੇ ਨਵੀਂ ਪੁਰਾਣੀ ਮਸ਼ੀਨਰੀ ਦਾ ਨੁਕਸਾਨ ਹੋਇਆ | ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਦੀ ਵਰਕਸ਼ਾਪ ਦਾ ਸ਼ੈੱਡ ਉੱਡ ਜਾਣ ਕਾਰਨ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਚੱੁਕਿਆ ਹੈ |