ਬਰਨਾਲਾ-ਮਾਨਸਾ ਮੱੁਖ ਮਾਰਗ ਜਾਮ ਕਰ ਕੇ ਪਿੰਡ ਧੌਲਾ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਅਜੀਤ ਡੈਸਕ
06-09-2025
ਰੂੜੇਕੇ ਕਲਾਂ, 5 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਮੀਂਹ ਦਾ ਪਾਣੀ ਪਿਛਲੇ ਕਈ ਦਿਨਾਂ ਤੋਂ ਲੈ ਕੇ ਪਿੰਡ ਧੌਲਾ ਨਿਵਾਸੀਆਂ ਦੇ ਘਰਾਂ ਵਿਚ ਭਰਨ ਕਰ ਕੇ ਗ਼ਰੀਬ ਘਰਾਂ ਦੇ ਹੋ ਰਹੇ ਨੁਕਸਾਨ ਅਤੇ ਪਿੰਡ ਵਾਸੀਆਂ ਨੂੰ ਪਿੰਡ ਵਿਚ ਭਰੇ ਪਾਣੀ ਕਰ ਕੇ ਆ ਰਹੀਆਂ ਸਮੱਸਿਆਵਾਂ ਤੋਂ ਤੰਗ ਆ ਕੇ ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਬਰਨਾਲਾ-ਮਾਨਸਾ ਮੱੁਖ ਮਾਰਗ ਬੱਸ ਸਟੈਂਡ ਧੌਲਾ ਵਿਖੇ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਧਰਨਾਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਘਟੀਆ ਪ੍ਰਬੰਧਾਂ ਕਰ ਕੇ ਪਿਛਲੇ ਦਿਨਾਂ ਤੋਂ ਲੈ ਕੇ ਪਿੰਡ ਵਾਸੀਆਂ ਦੇ ਘਰ ਮੀਂਹ ਦੇ ਪਾਣੀ ਵਿਚ ਡੱੁਬੇ ਹੋਏ ਹਨ | ਪਿੰਡ ਵਿਚ ਭਰਿਆ ਹੋਇਆ ਮੀਂਹ ਦਾ ਪਾਣੀ ਕਿਸੇ ਪਾਸੇ ਵੀ ਨਹੀਂ ਨਿੱਕਲ ਰਿਹਾ ਹੈ | ਪਿੰਡ ਧੌਲਾ ਦੇ ਨਿਕਾਸੀ ਪਾਣੀ ਲਈ ਸਪੈਸ਼ਲ ਸੀਵਰੇਜ ਸਿਸਟਮ ਵੀ ਬਣਿਆ ਹੋਇਆ ਹੈ | ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਦੇ ਜ਼ਿੰਮੇਵਾਰ ਵਿਭਾਗ ਦੇ ਅਧਿਕਾਰੀਆਂ ਵਲੋਂ ਸੀਵਰੇਜ ਦੀ ਸਫ਼ਾਈ ਨਾ ਕਰਵਾਉਣ ਕਰ ਕੇ ਸੀਵਰੇਜ ਰਾਹੀਂ ਪਿੰਡ ਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਹੈ | ਜੇਕਰ ਸਹੀ ਸਮੇਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸੀਵਰੇਜ ਸਿਸਟਮ ਦੀ ਸਫ਼ਾਈ ਕਰਵਾਈ ਹੁੰਦੀ ਤਾਂ ਪਿੰਡ ਵਾਸੀਆਂ ਦੇ ਘਰਾਂ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਨਾ ਹੁੰਦਾ ਅਤੇ ਮੀਂਹ ਦੇ ਪਾਣੀ ਕਰ ਕੇ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਨਾ ਆਉਂਦੀਆਂ | ਪਿਛਲੇ 10 ਦਿਨਾਂ ਤੋਂ ਲੈ ਕੇ ਮੀਂਹ ਦਾ ਪਾਣੀ ਪਿੰਡ ਵਾਸੀਆਂ ਦੇ ਘਰਾਂ ਅਤੇ ਗਲੀਆਂ ਵਿਚ ਭਰਨ ਕਰ ਕੇ ਗੰਦੀ ਬਦਬੂ ਮਾਰ ਰਹੀ ਹੈ | ਜਿਸ ਨਾਲ ਕਿ ਪਿੰਡ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਪਿੰਡ ਵਿਚ ਭਰੇ ਮੀਂਹ ਦੇ ਪਾਣੀ ਦਾ ਹੱਲ ਕਰਨ ਲਈ ਪਿੰਡ ਵਾਸੀਆਂ ਵਲੋਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅਨੇਕਾਂ ਵਾਰ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਪਿੰਡ ਵਾਸੀਆਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ | ਜਿਸ ਕਰ ਕੇ ਪਿੰਡ ਵਾਸੀਆਂ ਨੂੰ ਅੱਜ ਮਜਬੂਰ ਹੋ ਕੇ ਮੱੁਖ ਮਾਰਗ 'ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ | ਇਕੱਤਰ ਹੋਏ ਸਮੂਹ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਪਿੰਡ ਧੌਲਾ ਦੀਆਂ ਗਲੀਆਂ ਤੇ ਘਰਾਂ ਵਿਚ ਭਰੇ ਮੀਂਹ ਦੇ ਪਾਣੀ ਦਾ ਤੁਰੰਤ ਹੱਲ ਕੀਤਾ ਜਾਵੇ, ਜਿਹੜੇ ਸੈਂਕੜੇ ਗ਼ਰੀਬ ਵਿਅਕਤੀਆਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ | ਤਹਿਸੀਲਦਾਰ ਤਪਾ ਨੇ ਧਰਨਾਕਾਰੀਆਂ ਨੂੰ ਪਹੁੰਚ ਕੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਨਿਯਤ ਸਮੇਂ ਵਿਚ ਹੱਲ ਕੀਤਾ ਜਾਵੇਗਾ | ਇਸ ਮੌਕੇ ਕਾਂਗਰਸੀ ਆਗੂ ਸਮਰਜੀਤ ਸਿੰਘ ਰਤਨ, ਡਾ: ਗੁਰਮੀਤ ਸਿੰਘ, ਪ੍ਰੇਮਜੀਤ ਸਿੰਘ, ਸੰਦੀਪ ਸਿੰਘ, ਹਰਦੀਪ ਸਿੰਘ, ਪ੍ਰਧਾਨ ਬਲਜਿੰਦਰ ਸਿੰਘ, ਹਰਦੀਪ ਸਿੰਘ ਪੰਚ, ਸੋਨੀ ਸਿੰਘ, ਕਾਲਾ ਸਿੰਘ, ਬੂਟਾ ਸਿੰਘ, ਪ੍ਰਧਾਨ ਮੰਗਲ ਸਿੰਘ, ਜਸਪ੍ਰੀਤ ਸਿੰਘ, ਪ੍ਰਧਾਨ ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਲਵਪ੍ਰੀਤ ਸਿੰਘ, ਵਿੱਕੀ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |