ਬਰਨਾਲਾ, 4 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਕੌਂਸਲ ਬਰਨਾਲਾ ਦੀ ਸਪੈਸ਼ਲ ਮੀਟਿੰਗ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦਫ਼ਤਰ ਵਿਖੇ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਮਣਵਾਸੀਆ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਅੰਦਰ ਹੋ ਰਹੀ ਭਾਰੀ ਬਰਸਾਤ ਕਾਰਨ ਕਾਫ਼ੀ ਘਰਾਂ ਦਾ ਨੁਕਸਾਨ ਹੋ ਰਿਹਾ ਹੈ | ਜਿਨ੍ਹਾਂ ਵਿਚ ਕਾਫ਼ੀ ਘਰਾਂ ਦੀ ਛੱਤਾਂ ਚੋਅ ਰਹੀਆਂ ਹਨ, ਜਿਸ ਕਾਰਨ ਛੱਤਾਂ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ | ਜਿਸ ਸਬੰਧੀ ਅੱਜ ਐਮਰਜੈਂਸੀ ਮੀਟਿੰਗ ਬੁਲਾ ਕੇ ਮਤਾ ਪਾਸ ਕੀਤਾ ਗਿਆ ਹੈ ਕਿ ਨਗਰ ਕੌਂਸਲ ਵਲੋਂ 10 ਲੱਖ ਰੁਪਏ ਦੀ ਲਾਗਤ ਨਾਲ 20__1MP__20 ਫੁੱਟ ਦੀਆਂ 2 ਹਜ਼ਾਰ ਤਰਪਾਲਾਂ ਖ਼ਰੀਦ ਕੇ ਲੋੜਵੰਦ ਤੇ ਗ਼ਰੀਬ ਲੋਕਾਂ ਨੂੰ ਵੰਡੀਆਂ ਜਾਣ ਤਾਂ ਜੋ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ | ਜ਼ਿਕਰਯੋਗ ਹੈ ਕਿ ਮੀਟਿੰਗ ਵਿਚ 31 ਕੌਂਸਲਰਾਂ ਵਿਚੋਂ 16 ਕੌਂਸਲਰ ਹੀ ਸ਼ਾਮਲ ਹੋਏ | ਜਦੋਂ ਇਸ ਸਬੰਧੀ ਪ੍ਰਧਾਨ ਰਾਮਣਵਾਸੀਆ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਦੀ ਇਹ ਮੀਟਿੰਗ ਲੋਕ ਭਲਾਈ ਦੇ ਕਾਰਜ ਤਹਿਤ ਸਿਰਫ਼ ਤਰਪਾਲਾਂ ਦੀ ਖ਼ਰੀਦ ਲਈ ਮਤਾ ਪਾਉਣ ਸਬੰਧੀ ਬੁਲਾਈ ਗਈ ਸੀ | ਜਿਹੜੇ ਕੌਂਸਲਰ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ, ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਲੋਕਾਂ ਦੀ ਭਲਾਈ ਦੇ ਕਾਰਜ ਲਈ ਮਤਾ ਪਾਉਣ ਵਾਲੀ ਮੀਟਿੰਗ ਕਿਉਂ ਸ਼ਾਮਲ ਨਹੀਂ ਹੋਏ | ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੂ ਮੋਰ, ਮੀਤ ਪ੍ਰਧਾਨ ਪਰਮਜੀਤ ਸਿੰਘ ਜੌਂਟੀ ਮਾਨ, ਕੌਂਸਲਰ ਬੀਬੀ ਸ਼ਿੰਦਰਪਾਲ ਕੌਰ, ਬੀਬੀ ਕਰਮਜੀਤ ਕੌਰ, ਨਰਿੰਦਰ ਗਰਗ ਨੀਟਾ, ਧਰਮ ਸਿੰਘ ਫ਼ੌਜੀ, ਦੀਪਿਕਾ ਸ਼ਰਮਾ, ਮਲਕੀਤ ਸਿੰਘ, ਸਰੋਜ ਰਾਣੀ, ਹੇਮਰਾਜ ਗਰਗ, ਜਗਰਾਜ ਸਿੰਘ ਪੰਡੋਰੀ, ਰੇਨੂੰ ਧਰਮਾ, ਸੁਖਮਿੰਦਰ ਕੌਰ ਸ਼ੀਤਲ, ਹਰਬਖਸ਼ੀਸ਼ ਸਿੰਘ ਗੋਨੀ ਅਤੇ ਬੀਬੀ ਜਸਵੀਰ ਕੌਰ ਸ਼ਾਮਲ ਹੋਏ |