ਟੱਲੇਵਾਲ, 6 ਸਤੰਬਰ (ਸੋਨੀ ਚੀਮਾ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਇਲਾਕੇ ਦੇ ਬਹੁਤੇ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਰਹਿਣ ਬਸੇਰੇ ਢਾਹ ਦਿੱਤੇ ਹਨ | ਇਸੇ ਕੜੀ ਦੇ ਚੱਲਦਿਆਂ ਬੀਤੀ ਦੇਰ ਰਾਤ ਪਿੰਡ ਬੀਹਲਾ ਵਿਖੇ ਵੀ ਇਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਉਸ ਸਮੇਂ ਡਿਗ ਪਈ ਜਦ ਸਮੁੱਚਾ ਪਰਿਵਾਰ ਵਿਹੜੇ ਵਿਚ ਬੈਠ ਕੇ ਰੋਟੀ ਖਾ ਰਿਹਾ ਸੀ | ਜਿਸ ਦੇ ਚੱਲਦਿਆਂ ਪਰਿਵਾਰ ਦਾ ਜਾਨੀ ਬਚਾਅ ਹੋ ਗਿਆ ਪਰ ਘਰ ਦੀ ਛੱਤ ਡਿੱਗਣ ਕਾਰਨ ਮਾਲੀ ਪੱਧਰ 'ਤੇ ਕਾਫ਼ੀ ਨੁਕਸਾਨ ਹੋ ਗਿਆ ਅਤੇ ਦੂਜੇ ਕਮਰੇ ਦੀ ਛੱਤ ਡਿੱਗਣ ਦੇ ਨਾਲ ਕਮਰੇ ਨੂੰ ਤਰੇੜਾਂ ਪੈ ਗਈਆਂ ਅਤੇ ਅੰਦਰ ਪਿਆ ਸਾਰਾ ਸਮਾਨ ਖ਼ਰਾਬ ਹੋ ਗਿਆ | ਇਸ ਮੌਕੇ ਪੀੜਤ ਮਜ਼ਦੂਰ ਨਿੱਕਾ ਸਿੰਘ ਪੁੱਤਰ ਗੋਕਲ ਸਿੰਘ ਵਾਸੀ ਪਿੰਡ ਬੀਹਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਘਰ ਦੇ ਇਕ ਕਮਰੇ ਦੀ ਛੱਤ ਡਿੱਗਣ ਅਤੇ ਦੂਸਰੇ ਕਮਰੇ ਨੂੰ ਤਰੇੜਾਂ ਪੈਣ ਕਾਰਨ ਘਰ ਅੰਦਰ ਪਿਆ ਸਾਰਾ ਸਮਾਨ ਖ਼ਰਾਬ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸਣਾ ਕਰਦੇ ਆ ਰਹੇ ਹਾਂ | ਇਸ ਲਈ ਅਸੀਂ ਨਵਾਂ ਘਰ ਬਣਾਉਣਾ ਤਾਂ ਉਹ ਪੂਰੀ ਤਰ੍ਹਾਂ ਅਸਮਰਥ ਹਾਂ | ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਮੰਗ ਕੀਤੀ ਕਿ ਕਰਨ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਸਾਨੂੰ ਮੁੜ ਵਸੇਬੇ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ | ਇਸ ਮੌਕੇ ਸਰਪੰਚ ਸਰਬਜੀਤ ਕੌਰ ਬੀਹਲਾ ਅਤੇ ਸਾਬਕਾ ਸਰਪੰਚ ਕਿਰਨਜੀਤ ਸਿੰਘ ਮਿੰਟੂ ਨੇ ਪੀੜਤ ਮਜ਼ਦੂਰ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਮਜ਼ਦੂਰ ਪਰਿਵਾਰ ਦੇ ਮੁੜ ਵਸੇਬੇ ਲਈ ਉਨ੍ਹਾਂ ਨੂੰ ਘਰ ਬਣਾਉਣ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ |