ਮਹਿਲ ਕਲਾਂ, 6 ਸਤੰਬਰ (ਤਰਸੇਮ ਸਿੰਘ ਗਹਿਲ)-ਪੰਜਾਬ ਅੰਦਰ ਪਿਛਲੇ 15 ਦਿਨਾਂ ਤੋਂ ਲਗਾਤਾਰ ਹੋ ਰਹੀ ਮੋਹਲ਼ੇਧਾਰ ਬਰਸਾਤ ਨਾਲ ਜਿੱਥੇ ਪੰਜਾਬ ਦਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉੱਥੇ ਮਾਝੇ ਤੇ ਦੁਆਬੇ ਖੇਤਰ ਦੀਆਂ ਫ਼ਸਲਾਂ ਹੜ੍ਹਾਂ ਦੇ ਪ੍ਰਕੋਪ ਦੀ ਮਾਰ ਹੇਠ ਆਉਣ ਤੋਂ ਇਲਾਵਾ ਹੁਣ ਹੜ੍ਹਾਂ ਦੀ ਮਾਰ ਤੋਂ ਬਚੇ ਮਾਲਵੇ ਦੇ ਕੁੱਝ ਹਿੱਸੇ ਵਿਚ ਸਾਉਣੀ ਦੀ ਮੁੱਖ ਫ਼ਸਲ ਝੋਨੇ ਨੂੰ ਉੱਲੀ ਰੋਗ ਅਤੇ ਕਾਲੇ ਭੂਰੇ ਤੇਲੇ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਦਾ ਆਉਂਦੇ ਦਿਨਾਂ ਵਿਚ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਜ਼ਿਕਰਯੋਗ ਹੈ ਕਿ ਲਗਾਤਾਰ ਚੱਲ ਰਹੇ ਸਲਾਬੇ ਮੌਸਮ ਦੀ ਵਜ੍ਹਾ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ 'ਤੇ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਦਾ ਸਮਾਂ ਹੀ ਨਹੀਂ ਮਿਲ ਰਿਹਾ ਹੈ | ਜਿਸ ਕਰ ਕੇ ਪਿਛਲੇ 15 ਦਿਨਾਂ ਤੋਂ ਲਗਾਤਾਰ ਚੱਲ ਰਹੇ ਬਰਸਾਤੀ ਮੌਸਮ ਨੇ ਪਹਿਲਾਂ ਝੋਨੇ ਦੀ ਫ਼ਸਲ ਨੂੰ ਉੱਲੀ ਰੋਗ ਵਿਚ ਲਪੇਟ ਲਿਆ ਅਤੇ ਹੁਣ ਭੂਰੇ ਕਾਲੇ ਤੇਲੇ ਨੇ ਝੋਨੇ ਦੀ ਫ਼ਸਲ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ, ਖੇਤੀ ਮਾਹਿਰਾਂ ਅਨੁਸਾਰ ਜੇਕਰ ਅਗਲੇ ਕੁੱਝ ਦਿਨ ਲਗਾਤਾਰ ਬਰਸਾਤ ਜਾਰੀ ਰਹੀ ਤਾਂ ਝੋਨੇ ਦੀ ਫ਼ਸਲ ਕਿਸਾਨਾਂ ਦੀ ਪਹੁੰਚ ਤੋਂ ਦੂਰ ਦਿਖਾਈ ਦੇਵੇਗੀ ਜਾਂ ਵੱਡੇ ਨੁਕਸਾਨ ਦਾ ਸਹਿਣ ਕਿਸਾਨਾਂ ਨੂੰ ਕਰਨਾ ਪਵੇਗਾ | ਮਹਿਲ ਕਲਾਂ ਵਿਖੇ ਉੱਘੇ ਕਿਸਾਨ ਟੋਨੀ ਈਨਾ ਅਤੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਲਗਾਤਾਰ ਬਰਸਾਤਾਂ ਜਾਰੀ ਹੋਣ ਕਰ ਕੇ ਝੋਨੇ ਦੀ ਫ਼ਸਲ 'ਤੇ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਨਾ ਹੋਣ ਦੀ ਵਜ੍ਹਾ ਕਾਰਨ ਫ਼ਸਲ ਨੰੂ ਉੱਲੀ ਰੋਲ, ਕਾਲੇ ਭੂਰੇ ਤੇਲੇ ਜਾਂ ਹੋਰ ਕਈ ਰੋਗਾਂ ਨੇ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ | ਜੇਕਰ ਲਗਾਤਾਰ ਬਰਸਾਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਂਦੇ ਦਿਨਾਂ ਵਿਚ ਝੋਨੇ ਦੀ ਫ਼ਸਲ ਦਾ ਵਧੇਰੇ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਸੂਬੇ ਦਾ ਵੱਡਾ ਹਿੱਸਾ ਹੜ੍ਹਾਂ ਦੇ ਪਾਣੀ ਦੀ ਮਾਰ ਦਾ ਪਹਿਲਾਂ ਹੀ ਸੰਤਾਪ ਭੋਗ ਰਿਹਾ ਹੈ ਅਤੇ ਹੜ੍ਹਾਂ ਦੀ ਮਾਰ ਤੋਂ ਬਾਕੀ ਬਚਿਆਂ ਝੋਨੇ ਦਾ ਹਿੱਸਾ ਬਿਮਾਰੀਆਂ ਦੀ ਮਾਰ ਹੇਠ ਹੋਵੇਗਾ | ਇਸ ਸਮੇਂ ਆਗੂਆਂ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੋਂ ਮੰਗ ਕੀਤੀ ਕਿ ਖੇਤੀ ਮਾਹਰ ਕਿਸਾਨਾਂ ਦੀਆਂ ਫ਼ਸਲਾਂ ਦਾ ਨਿਰੀਖਣ ਕਰਨ ਦੇ ਕੰਮ 'ਤੇ ਜ਼ੋਰ ਦੇਣ ਅਤੇ ਝੋਨੇ ਦੀ ਫ਼ਸਲ ਨੂੰ ਰੋਗ ਮੁਕਤ ਕਰਨ ਲਈ ਕਿਸਾਨਾਂ ਨੂੰ ਲੋੜੀਂਦੀਆਂ ਦਵਾਈਆਂ ਦੇ ਛਿੜਕਾਅ ਸਬੰਧੀ ਜਾਗਰੂਕ ਕਰਨ |