ਤਪਾ ਮੰਡੀ, 6 ਸਤੰਬਰ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਾਰਸ਼ਾਂ ਦੇ ਚੱਲਦਿਆਂ ਹੜ੍ਹਾਂ ਦੀ ਸਥਿੱਤੀ ਬਣੀ ਹੋਈ ਹੈ ਜਿਸ ਕਰ ਕੇ ਚਾਰ ਚੁਫੇਰੇ ਜਲ-ਥਲ ਹੋਣ ਕਾਰਨ ਘਰਾਂ ਦੀਆਂ ਛੱਤਾਂ ਡਿੱਗੀਆਂ ਤੇ ਘਰਾਂ ਵਿਚ ਤਰੇੜਾਂ ਆ ਗਈਆਂ ਹਨ | ਜਿਸ ਕਰ ਕੇ ਜਾਨੀ ਤੇ ਮਾਲੀ ਨੁਕਸਾਨ ਦੇ ਹੋਣ ਕਾਰਨ ਲੋਕ ਮੁਸ਼ਕਲ ਵਿਚ ਹਨ | ਇਸੇ ਲੜੀ ਤਹਿਤ ਆਲੀਕੇ ਰੋਡ 'ਤੇ ਸਥਿਤ ਟਿੰਕੂ ਪੋਲਟਰੀ ਫਾਰਮ ਵਿਖੇ ਹੜ੍ਹਾਂ ਦੇ ਚੱਲਦਿਆਂ ਤੇਜ਼ ਬਰਸਾਤ ਕਾਰਨ ਫਾਰਮ ਦੀ ਕੰਧ ਡਿੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਪਤਾ ਚਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲੀਕੇ ਰੋਡ 'ਤੇ ਸਥਿਤ ਟਿੰਕੂ ਪੋਲਟਰੀ ਫਾਰਮ ਦੇ ਖਵਾਇੰਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਰਸਾਤ ਕਾਰਨ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ ਜਿਸ ਕਰ ਕੇ ਪੋਲਟਰੀ ਫਾਰਮ ਦੀ ਬਾਉਂਡਰੀ ਵਾਲ ਕੰਧ ਜਿਸ ਦੀ ਲਗਭਗ 500 ਫੁੱਟ ਲੰਬਾਈ ਹੈ ਅਤੇ 6 ਫੁੱਟ ਕੰਧ ਦੇ ਡਿੱਗਣ ਕਾਰਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ ਪਰ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਤਪਾ ਖੇਤਰ ਅੰਦਰ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਾਰਸ਼ ਕਾਰਨ ਘਰਾਂ, ਸ਼ੈਲਰਾਂ, ਪੋਲਟਰੀ ਫਾਰਮਾਂ, ਫ਼ੈਕਟਰੀਆਂ ਆਦਿ ਦਾ ਨੁਕਸਾਨ ਹੋਇਆ ਹੈ ਜਿਸ ਦੇ ਚੱਲਦਿਆਂ ਪੀੜਤ ਪਰਿਵਾਰਾਂ ਵਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਤਾਂ ਜੋ ਪਰਿਵਾਰ ਆਰਥਿਕ ਤੌਰ 'ਤੇ ਮਜ਼ਬੂਤ ਹੋ ਸਕਣ |