ਮਹਿਲ ਕਲਾਂ, 6 ਸਤੰਬਰ (ਤਰਸੇਮ ਸਿੰਘ ਗਹਿਲ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੋਹਲ਼ੇਧਾਰ ਹੋ ਰਹੀ ਬਰਸਾਤ ਦੇ ਕਾਰਨ ਪੰਜਾਬ ਅੰਦਰ ਜਿੱਥੇ ਜਨ-ਜੀਵਨ ਜਾਂ ਫ਼ਸਲਾਂ ਬੁਰੀ ਤਰਾਂ ਪ੍ਰਭਾਵਿਤ ਹੋਈਆਂ ਹਨ ਉੱਥੇ ਪੇਂਡੂ ਲਿੰਕ ਸੜਕਾਂ ਦੀਆਂ ਬਰਮਾ ਖੁਰ ਜਾਣ ਕਰ ਕੇ ਹੁਣ ਹਾਦਸਿਆਂ ਨੰੂ ਸੱਦਾ ਦੇ ਰਹੀਆਂ ਹਨ | ਪਿਛਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਮਹਿਲ ਕਲਾਂ ਖੇਤਰ ਵਿਚ 24 ਦੇ ਕਰੀਬ ਨਵੀਆਂ ਸੜਕਾਂ ਪੰਜਾਬ ਰਾਜ ਮੰਡੀ ਬੋਰਡ ਵਲੋਂ ਨਵੀਆਂ ਤਿਆਰ ਕੀਤੀਆਂ ਗਈਆਂ ਸਨ, ਜੋ ਭਾਰੀ ਬਰਸਾਤ ਕਾਰਨ ਹੁਣ ਪ੍ਰਭਾਵਿਤ ਹੋ ਰਹੀਆਂ ਹਨ | ਮਹਿਲ ਕਲਾਂ ਤੋਂ ਗੰਗੋਹਰ, ਮਹਿਲ ਕਲਾਂ ਤੋਂ ਕਲਾਲ ਮਾਜਰਾ, ਮਹਿਲ ਖੁਰਦ ਤੋਂ ਗੰਗੋਹਰ, ਛੀਨੀਵਾਲ ਕਲਾਂ ਤੋਂ ਗਹਿਲ, ਮਹਿਲ ਕਲਾਂ ਤੋਂ ਸਹੌਰ, ਹਮੀਦੀ, ਕਰਮਗੜ ਆਦਿ ਸੜਕਾਂ ਦੀ ਬਰਮਾ 'ਤੇ ਖਾਰਾਂ ਪੈਣ ਕਰ ਕੇ ਵੱਡੇ-ਵੱਡੇ ਖੱਡੇ ਬਣ ਗਏ ਹਨ, ਜੋ ਹਾਦਸਿਆਂ ਨੰੂ ਸੱਦਾ ਦੇ ਰਹੇ ਹਨ ਅਤੇ ਆਉਣ ਜਾਣ ਵਾਲੇ ਵਾਹਨਾਂ ਨੰੂ ਓਵਰਟੇਕ ਕਰਨ ਸਮੇਂ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਵੱਡੇ-ਵੱਡੇ ਖੱਡਿਆਂ ਦੇ ਡਰੋਂ ਭਾਰੀ ਵਾਹਨ ਮਾਲਕਾਂ ਵਲੋਂ ਇਨਾਂ ਸੜਕਾਂ ਤੋਂ ਲੰਘਣ ਲਈ ਟਾਲ਼ਾ ਵੱਟਿਆ ਜਾ ਰਿਹਾ ਹੈ | ਜੇਕਰ ਪੰਜਾਬ ਰਾਜ ਮੰਡੀ ਬੋਰਡ ਵਲੋਂ ਆਉਂਦੇ ਦਿਨਾਂ ਤੱਕ ਇਨਾਂ ਟੁੱਟਣ ਕਿਨਾਰੇ ਹੋਈਆਂ ਸੜਕਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਂਦੇ ਦਿਨਾਂ ਵਿਚ ਪੰਜਾਬ ਰਾਜ ਮੰਡੀ ਬੋਰਡ ਅਤੇ ਖੇਤਰੀ ਲਿੰਕ ਸੜਕਾਂ ਦਾ ਵੱਡਾ ਨੁਕਸਾਨ ਹੋਵੇਗਾ | ਇਸ ਸਮੇਂ ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ ਕਲਾਂ, ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ, ਜਸਪਾਲ ਸਿੰਘ, ਮਨਜੀਤ ਸਿੰਘ ਸਹਿਜੜਾ ਆਦਿ ਆਗੂਆਂ ਨੇ ਜ਼ਿਲਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਟੁੱਟ ਰਹੀਆਂ ਲਿੰਕ ਸੜਕਾਂ ਦੀਆਂ ਬਰਮਾ ਵੱਲ ਧਿਆਨ ਦਿੱਤਾ ਜਾਵੇ |