ਬਰਨਾਲਾ, 4 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਸੰਤ ਸ਼ੋ੍ਰਮਣੀ ਬਾਬਾ ਬੰਸੀ ਵਾਲੇ ਦੀ ਯਾਦ ਵਿਚ ਅਤੇ ਉਨ੍ਹਾਂ ਦੀ ਪ੍ਰੇਰਨਾ ਤੇ ਆਸ਼ੀਰਵਾਦ ਸਦਕਾ ਇੰਦਰਲੋਕ ਕਾਲੋਨੀ, ਧਨੌਲਾ ਰੋਡ ਬਰਨਾਲਾ ਵਿਖੇ ਬਾਬਾ ਬੰਸੀ ਵਾਲੇ ਰੋਗ ਨਿਵਾਰਨ ਕੇਂਦਰ ਦੀ ਉਸਾਰੀ ਲਈ ਨੀਂਹ ਰੱਖੀ ਗਈ | ਬਾਬਾ ਬੰਸੀ ਵਾਲੇ ਰੋਗ ਨਿਵਾਰਨ ਅਤੇ ਅੰਨਪੂਰਨਾ ਕਮੇਟੀ ਬਰਨਾਲਾ ਦੇ ਪ੍ਰਬੰਧਕ ਸ੍ਰੀ ਦੀਪਕ ਬਾਂਸਲ ਸੋਨੀ ਅਤੇ ਸ੍ਰੀ ਸ਼ਸ਼ੀਕਾਂਤ ਚੋਪੜਾ ਨੇ ਦੱਸਿਆ ਕਿ ਕੇਂਦਰ ਦੀ ਉਸਾਰੀ ਲਈ ਸਵਾਮੀ ਅੰਮਿ੍ਤਾਨੰਦ ਝਲੂਰ ਧਾਮ ਵਾਲਿਆਂ ਵਲੋਂ ਨੀਂਹ ਰੱਖੀ ਗਈ ਹੈ | ਇਸ ਕੇਂਦਰ ਵਿਚ ਬਾਬਾ ਬੰਸੀ ਵਾਲਿਆਂ ਦੀ ਇੱਛਾ ਅਨੁਸਾਰ ਮੁਫ਼ਤ ਡਿਸਪੈਂਸਰੀ, ਮੁਫ਼ਤ ਲੈਬ ਅਤੇ ਮੁਫ਼ਤ ਦਵਾਈਆਂ ਦੀ ਸਹੂਲਤ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬਾਬਾ ਬੰਸੀ ਵਾਲੇ ਮਾਨਵ ਸੇਵਾ ਨੂੰ ਹੀ ਈਸ਼ਵਰ ਸੇਵਾ ਮੰਨਦੇ ਸਨ | ਇਸ ਲਈ ਲੋੜਵੰਦ ਅਤੇ ਗ਼ਰੀਬ ਲੋਕਾਂ ਦੀ ਸੇਵਾ ਲਈ ਜਿੱਥੇ ਅੰਨਪੂਰਨਾ ਕਮੇਟੀ ਵਲੋਂ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਭੋਜਨ ਤਿਆਰ ਕੀਤਾ ਜਾਂਦਾ ਹੈ ਉੱਥੇ ਹੁਣ ਇਸ ਕੇਂਦਰ ਨਾਲ ਲੋੜਵੰਦ ਲੋਕਾਂ ਦਾ ਮੁਫ਼ਤ ਇਲਾਜ ਵੀ ਕੀਤਾ ਜਾਵੇਗਾ | ਸਮਾਗਮ ਦੌਰਾਨ ਡਾ. ਸੂਰਿਆਕਾਂਤ ਸ਼ਾਸਤਰੀ ਵਲੋਂ ਸੰਕੀਰਤਨ ਵੀ ਕੀਤਾ ਗਿਆ | ਇਸ ਮੌਕੇ ਪੰਡਤ ਸ਼ਿਵ ਕੁਮਾਰ ਗੌੜ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਆਰਕੀਟੈਕਟ ਹਰਵਿੰਦਰ ਸਿੰਘ, ਐਸ.ਡੀ.ਓ. ਪਾਵਰਕਾਮ ਪ੍ਰਦੀਪ ਸ਼ਰਮਾ, ਭਾਰਤ ਮੋਦੀ, ਸੋਮਨਾਥ ਸਹੌਰੀਆ, ਰਵਿੰਦਰ ਅਰੋੜਾ, ਧੀਰਜ ਕੁਮਾਰ ਦੱਧਾਹੂਰ, ਪੰਡਤ ਰਾਕੇਸ਼ ਗੌੜ, ਰਾਜੇਸ਼ ਕਾਂਸਲ, ਤੇਜ ਕੁਮਾਰ, ਰਾਜੇਸ਼ ਭੁਟਾਨੀ, ਰਾਜ ਕੁਮਾਰ ਧੌਲਾ, ਮਾ. ਭੋਲਾ ਸਿੰਘ ਆਦਿ ਪਤਵੰਤੇ ਹਾਜ਼ਰ ਸਨ |