ਬਰਨਾਲਾ, 23 ਸਤੰਬਰ (ਰਾਜ ਪਨੇਸਰ)-ਸ਼ਹਿਰ ਬਰਨਾਲਾ ਦੇ ਵਿਚਕਾਰ ਥਾਣਾ ਸਿਟੀ-1 ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਛੱਤਾ ਖੂਹ ਦੇ ਨਜ਼ਦੀਕ ਇੱਕ ਮਸ਼ਹੂਰ ਬੂਟਾਂ ਵਾਲੀ ਦੁਕਾਨ 'ਤੋਂ ਬੀਤੀ ਰਾਤ ਨਾਮਾਲੂਮ ਚੋਰਾਂ ਨੇ ਸ਼ਟਰ ਤੋੜ ਕੇ 25 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਹੈ | ਜਾਣਕਾਰੀ ਦਿੰਦਿਆਂ ਪੂਨਮ ਬੂਟ ਹਾਊਸ ਦੇ ਮਾਲਕ ਰਜਿੰਦਰ ਕੁਮਾਰ ਗਾਰਗੀ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅਸੀਂ ਆਪਣੀ ਬੂਟਾਂ ਵਾਲੀ ਦੁਕਾਨ ਬੰਦ ਕਰ ਕੇ ਗਏ ਸੀ | ਸਵੇਰ ਸਮੇਂ ਦੁਕਾਨ 'ਤੇ ਆ ਕੇ ਦੇਖਿਆ | ਦੁਕਾਨ ਦਾ ਛੋਟਾ ਸ਼ਟਰ ਟੱੁਟਿਆ ਪਿਆ ਸੀ ਤੇ ਸਾਰਾ ਸਮਾਨ ਖਿੱਲਰਿਆ ਪਿਆ ਸੀ | ਦੁਕਾਨ ਦੇ ਗੱਲੇ 'ਚੋਂ 25 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋ ਚੱੁਕੀ ਸੀ | ਇਸ ਘਟਨਾ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ | ਮੌਕੇ 'ਤੇ ਖੜੇ ਕਈ ਵਿਅਕਤੀਆਂ ਦਾ ਕਹਿਣਾ ਸੀ ਕਿ ਸ਼ਹਿਰ 'ਚ ਰੋਜ਼ਾਨਾ ਹੋ ਰਹੀਆਂ ਚੋਰੀਆਂ, ਲੱੁਟਾਂ ਨਾਲ ਲੋਕਾਂ ਦੇ ਮਨਾਂ 'ਚ ਡਰ ਬੈਠ ਗਿਆ ਹੈ ਕਿਉਂਕਿ ਥਾਣਾ ਸਿਟੀ-1 ਤੋਂ 500 ਮੀਟਰ ਦੀ ਦੂਰੀ 'ਤੇ ਛੱਤਾ ਖੂਹ ਵਿਖੇ ਪੁਲਿਸ ਮੁਲਾਜ਼ਮ ਅਕਸਰ ਖੜੇ ਰਹਿੰਦੇ ਹਨ ਤੇ ਪੁਲਿਸ ਦੇ ਡਰ ਨੂੰ ਛਿੱਕੇ ਟੰਗਦਿਆਂ ਚੋਰਾਂ ਨੇ ਇਹ ਚੋਰੀ ਕੀਤੀ | ਸ਼ਹਿਰ ਵਾਸੀਆਂ ਨੇ ਐਸ.ਐਸ.ਪੀ. ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਨੂੰ ਬੇਨਤੀ ਕੀਤੀ ਕਿ ਸ਼ਹਿਰ ਅੰਦਰ ਗਸ਼ਤ ਵਧਾਈ ਜਾਵੇ ਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਪੁਲਿਸ ਮੁਲਾਜ਼ਮਾਂ ਦੀਆਂ ਸ਼ਹਿਰ ਦੇ ਮੇਨ ਚੌਂਕਾਂ 'ਚ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਸ਼ਹਿਰ ਵਾਸੀ ਚੈਨ ਦੀ ਨੀਂਦ ਸੌ ਸਕਣ |