ਬਰਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਕੌਂਸਲ ਬਰਨਾਲਾ ਦੇ ਹਾਊਸ ਦੀ ਇਕ ਜ਼ਰੂਰੀ ਮੀਟਿੰਗ 26 ਸਤੰਬਰ ਨੂੰ ਦੁਪਹਿਰ 12 ਵਜੇ ਰੱਖੀ ਗਈ ਹੈ | ਲੇਕਿਨ ਇਸ ਮੀਟਿੰਗ ਲਈ ਜਾਰੀ ਕੀਤੇ ਗਏ ਏਜੰਡੇ ਤਹਿਤ ਰੱਖੀਆਂ ਗਈਆਂ ਤਜਵੀਜ਼ਾਂ ਨੂੰ ਲੈ ਕੇ ਮੀਟਿੰਗ ਵਿਚ ਕਾਫ਼ੀ ਖੜਕਾ-ਦੜਕਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਵੱਡੀ ਗਿਣਤੀ ਕੌਂਸਲਰਾਂ ਵਲੋਂ ਜਿੱਥੇ ਮਤੇ ਪਾਸ ਹੋਣ ਤੋਂ ਪਹਿਲਾਂ ਹੀ ਨਗਰ ਕੌਂਸਲ ਅਧਿਕਾਰੀਆਂ ਵਲੋਂ ਲਗਾਏ ਗਏ ਟੈਂਡਰਾਂ ਉਪਰ ਇਤਰਾਜ਼ ਚੁੱਕੇ ਜਾ ਰਹੇ ਹਨ ਉੱਥੇ ਨਗਰ ਕੌਂਸਲ ਬਰਨਾਲਾ ਨੂੰ ਨਗਰ ਨਿਗਮ ਵਿਚ ਤਬਦੀਲ ਕਰਨ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ | ਨਗਰ ਕੌਂਸਲਰ ਭੁਪਿੰਦਰ ਸਿੰਘ ਭਿੰਦੀ, ਅਜੈ ਕੁਮਾਰ, ਗੁਰਪ੍ਰੀਤ ਸਿੰਘ ਕਾਕਾ ਤੋਂ ਇਲਾਵਾ ਤੇਜਿੰਦਰ ਸਿੰਘ ਸੋਨੀ ਜਾਗਲ, ਪਰਮਜੀਤ ਸਿੰਘ ਪੱਖੋ, ਮੰਗਤ ਰਾਏ ਮੰਗਾ, ਖ਼ੁਸ਼ੀ ਮੁਹੰਮਦ ਅਤੇ ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਮੀਟਿੰਗ ਵਿਚ ਜੋ ਏਜੰਡਾ ਲਿਆਂਦਾ ਜਾ ਰਿਹਾ ਹੈ, ਵਿਚ ਕਈ ਤਜਵੀਜ਼ਾਂ ਅਜਿਹੀਆਂ ਪਾਈਆਂ ਗਈਆਂ ਹਨ, ਜਿਨ੍ਹਾਂ ਦਾ ਕੌਂਸਲਰਾਂ ਵਲੋਂ ਪਿਛਲੀਆਂ ਮੀਟਿੰਗਾਂ ਵਿਚ ਵਿਰੋਧ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵਲੋਂ ਹਾਊਸ ਦੀ ਮੀਟਿੰਗ ਵਿਚ ਪਾਸ ਮਤਿਆਂ ਤੋਂ ਪਹਿਲਾਂ ਹੀ 6 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਡੋਰ ਟੂ ਡੋਰ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨਾ ਅਤੇ ਡਿਸਪੋਜ਼ਲ ਕਰਨ ਦਾ ਟੈਂਡਰ, ਸ਼ਹਿਰ ਵਿਚ ਸੜਕਾਂ ਦੀ ਮਸ਼ੀਨ ਨਾਲ ਸਫ਼ਾਈ ਕਰਵਾਉਣ ਸਬੰਧੀ 33 ਲੱਖ ਰੁਪਏ ਦਾ ਟੈਂਡਰ ਤੋਂ ਇਲਾਵਾ ਹੋਰ ਕਈ ਟੈਂਡਰ ਲਗਾ ਦਿੱਤੇ ਗਏ ਹਨ, ਜਿਨ੍ਹਾਂ ਦਾ ਉਨ੍ਹਾਂ ਵਲੋਂ ਵਿਰੋਧ ਕੀਤਾ ਜਾਵੇਗਾ | ਇਸ ਤੋਂ ਇਲਾਵਾ ਬਰਨਾਲਾ ਨਗਰ ਕੌਂਸਲ ਨੂੰ ਜੋ ਨਗਰ ਨਿਗਮ ਵਿਚ ਤਬਦੀਲ ਕਰਨ ਦੀ ਤਜਵੀਜ਼ ਲਿਆਂਦੀ ਗਈ ਹੈ ਦਾ ਵੀ ਸਖ਼ਤ ਵਿਰੋਧ ਕੀਤਾ ਜਾਵੇਗਾ ਕਿਉਂਕਿ ਜੋ ਪਿੰਡ ਜਾਂ ਕਸਬੇ ਸ਼ਹਿਰ ਬਰਨਾਲਾ ਨਾਲ ਜੋੜੇ ਜਾ ਰਹੇ ਹਨ ਤੋਂ ਨਗਰ ਕੌਂਸਲ ਬਰਨਾਲਾ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ ਬਲਕਿ ਇਸ ਨਾਲ ਨਗਰ ਕੌਂਸਲ ਉਪਰ ਜ਼ਿਆਦਾ ਬੋਝ ਪਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਬਰਨਾਲਾ ਵਿਚ ਵਿਕਾਸ ਕਾਰਜ ਕਰਵਾਉਣ ਸਬੰਧੀ ਕੁੱਝ ਕੰਮਾਂ ਦੇ ਤਖਮੀਨ ਤਿਆਰ ਕੀਤੇ ਗਏ ਪਰ ਇਨ੍ਹਾਂ ਕੰਮਾਂ ਵਿਚ ਬਹੁਤ ਸਾਰੇ ਕੰਮ ਅਜਿਹੇ ਹਨ ਜੋ ਪਹਿਲਾਂ ਹੋ ਚੁੱਕੇ ਹਨ, ਜਿਨ੍ਹਾਂ ਵਿਚ ਵਾਰਡ ਨੰ: 24 'ਚ 1 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਪਾਈਪ ਪਾਉਣ ਕੰਮ ਵੀ ਸ਼ਾਮਲ ਹੈ | ਇਸ ਲਈ ਟੈਂਡਰ ਲੱਗਣ ਤੋਂ ਪਹਿਲਾਂ ਹੀ ਕੰਮ ਕਰਵਾਏ ਜਾਣ ਦੀ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ੱਕ ਨਗਰ ਕੌਂਸਲ ਵਲੋਂ ਕਰੋੜਾਂ ਰੁਪਏ ਦੇ ਨਵੇਂ ਕੰਮਾਂ ਦੇ ਟੈਂਡਰ ਲਗਾਏ ਜਾ ਰਹੇ ਹਨ ਪਰ 50 ਫ਼ੀਸਦੀ ਤੋਂ ਜ਼ਿਆਦਾ ਅਜਿਹੇ ਪੁਰਾਣੇ ਕੰਮ ਹਨ ਜਿਨ੍ਹਾਂ ਦੇ ਲਗਭਗ ਇਕ ਸਾਲ ਪਹਿਲਾਂ ਵਰਕ ਆਰਡਰ ਜਾਰੀ ਹੋਣ ਅਤੇ ਕੁੱਝ ਕੰਮਾਂ ਦੇ ਸੰਸਦ ਮੈਂਬਰ ਮੀਤ ਹੇਅਰ ਵਲੋਂ ਨੀਂਹ ਪੱਥਰ ਰੱਖੇ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੰਮ ਸ਼ੁਰੂ ਨਹੀਂ ਹੋ ਸਕੇ | ਕੌਂਸਲਰਾਂ ਨੇ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਵਿਚ ਕੰਮਾਂ ਨੂੰ ਲੈ ਕੇ ਜਿੱਥੇ ਵਿਰੋਧੀ ਧਿਰ ਨਾਲ ਸਬੰਧਿਤ ਕੌਂਸਲਰਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਉੱਥੇ ਵੱਡੀ ਪੱਧਰ 'ਤੇ ਭਿ੍ਸ਼ਟਾਚਾਰ ਵੀ ਹੋ ਰਿਹਾ ਹੈ | ਜਿਸ ਦੀ ਉਦਾਹਰਨ ਪਿਛਲੇ ਦਿਨਾਂ ਦੌਰਾਨ ਇੱਕ ਠੇਕੇਦਾਰ ਵਲੋਂ ਜਾਰੀ ਕੀਤੀ ਗਈ ਵੀਡੀਓ ਨਾਲ ਸਾਹਮਣੇ ਵੀ ਆ ਚੁੱਕੀ ਹੈ | ਇਸ ਲਈ ਮੀਟਿੰਗ ਵਿਚ ਇਹ ਮੰਗ ਪੂਰੇ ਜ਼ੋਰਦਾਰ ਨਾਲ ਕੀਤੀ ਜਾਵੇਗੀ ਕਿ ਕਾਰਜ ਸਾਧਕ ਅਫ਼ਸਰ ਉਪਰ ਜੋ ਇੱਕ ਠੇਕੇਦਾਰ ਵਲੋਂ ਭਿ੍ਸ਼ਟਾਚਾਰ ਦੇ ਦੋਸ਼ ਲਾਏ ਗਏ ਹਨ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ |