ਮਹਿਲ ਕਲਾਂ, 25 ਸਤੰਬਰ (ਅਵਤਾਰ ਸਿੰਘ ਅਣਖੀ)-ਮਹਾਨ ਸੂਰਬੀਰ ਗਦਰ ਲਹਿਰ ਦੇ ਅਨਮੋਲ ਹੀਰੇ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਜੱਦੀ ਪਿੰਡ ਵਜੀਦਕੇ ਕਲਾਂ ਦੀ ਜੰਮਪਲ ਬੇਟੀ ਬਬਨਦੀਪ ਕੌਰ ਸਪੁੱਤਰੀ ਜਸਵੀਰ ਸਿੰਘ ਦਾ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ 'ਚ ਮੈਡੀਕਲ ਦੀ ਪੜ੍ਹਾਈ (ਐਮ.ਬੀ.ਬੀ.ਐਸ) ਲਈ ਚੁਣੇ ਜਾਣ ਤੇ ਗ੍ਰਾਮ ਪੰਚਾਇਤ, ਮੁਹਤਬਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮਾਸਟਰ ਜਸਵੀਰ ਸਿੰਘ ਤੇ ਮਾਤਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਹੋਣਹਾਰ ਧੀ ਬਬਨਦੀਪ ਕੌਰ ਦਾ ਡਾਕਟਰ ਬਣਨ ਦਾ ਸੁਪਨਾ ਸੀ, ਜਿਸ ਨੂੰ ਪੂਰਾ ਕਰਨ ਲਈ ਉਸ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਪੜ੍ਹਾਈ ਕੀਤੀ | ਜਿਸ ਸਦਕਾ ਉਨ੍ਹਾਂ ਦੀ ਬੇਟੀ ਰਜਿੰਦਰਾ ਮੈਡੀਕਲ ਪਟਿਆਲਾ 'ਚ ਐਮ.ਬੀ.ਬੀ.ਐਸ ਕਰ ਕੇ ਆਪਣਾ ਡਾਕਟਰ ਬਣਨ ਦਾ ਸੁਪਨਾ ਪੂਰਾ ਕਰੇਗੀ | ਇਸ ਮੌਕੇ ਬੇਟੀ ਬਬਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਸਮਾਜ ਸੇਵਾ ਨੂੰ ਪਹਿਲ ਦਿੰਦਾ ਆਇਆ ਹੈ, ਉਹ ਵੀ ਐਮ.ਬੀ.ਬੀ.ਐਸ ਤੋਂ ਬਾਅਦ ਐਮ.ਡੀ ਮੈਡੀਸਨ ਕਰ ਕੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣਾ ਚਾਹੁੰਦੀ ਹੈ | ਉਸ ਨੇ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਆਪਣੇ ਬਜ਼ੁਰਗ ਦਾਦਾ ਸ: ਹਰਮੇਲ ਸਿੰਘ, ਦਾਦੀ ਬੀਬੀ ਚਰਨਜੀਤ ਕੌਰ ਅਤੇ ਸਮੂਹ ਪਰਿਵਾਰ ਤੋਂ ਇਲਾਵਾ ਆਪਣੇ ਅਧਿਆਪਕ ਅਨਿਲ ਕੁਮਾਰ ਤੋਂ ਮਿਲੀ ਹੱਲਾ ਸ਼ੇਰੀ ਨੂੰ ਦਿੱਤਾ | ਇਸ ਮੌਕੇ ਸਰਪੰਚ ਸੁਖਬੀਰ ਕੌਰ, ਜਗਰਾਜ ਸਿੰਘ ਸਮਰਾ, ਨਰਿੰਦਰ ਸਿੰਘ ਨੋਨੀ, ਰਾਮ ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ ਛਿੰਦਾ, ਗੁਰਸੇਵਕ ਸਿੰਘ ਨੇ ਬੇਟੀ ਬਬਨਦੀਪ ਕੌਰ ਦੀ ਇਸ ਪ੍ਰਾਪਤੀ 'ਤੇ ਸਮੁੱਚੇ ਵਜੀਦਕੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਬੇਟੀ ਨੇ ਮਾਪਿਆਂ ਅਤੇ ਨਗਰ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਬੇਟੀ ਬਬਨਦੀਪ ਕੌਰ ਤੋਂ ਸੇਧ ਲੈ ਕੇ ਨੌਜਵਾਨ ਵਰਗ ਨੂੰ ਵਿਦੇਸ਼ ਜਾਣ ਦੀ ਦੌੜ 'ਚੋਂ ਪਾਸੇ ਹਟ ਕੇ ਆਪਣੇ ਘਰ ਪਰਿਵਾਰਾਂ 'ਚ ਰਹਿ ਕੇ ਲਗਨ ਮਿਹਨਤ ਨਾਲ ਉੱਚ ਵਿੱਦਿਆ ਪ੍ਰਾਪਤ ਕਰ ਕੇ ਉੱਚੇ ਰੁਤਬੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ |