ਬਰਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚ ਸੀਵਰੇਜ ਸਿਸਟਮ ਦਾ ਦਿਨੋਂ ਦਿਨ ਮਾੜਾ ਹਾਲ ਹੋ ਰਿਹਾ ਹੈ ਪਰ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ ਸ਼ਹਿਰ ਵਾਸੀਆਂ ਦੀ ਇਸ ਵੱਡੀ ਸਮੱਸਿਆ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ | ਹੋਰ ਤਾਂ ਹੋਰ ਮਾੜੇ ਸੀਵਰੇਜ ਸਿਸਟਮ ਕਾਰਨ ਹਾਲਾਤ ਏਨੇ ਨਾਜ਼ੁਕ ਹੋ ਚੁੱਕੇ ਹਨ ਕਿ ਸੂਬੇ ਦਾ ਪ੍ਰਮੁੱਖ ਉਦਯੋਗਿਕ ਘਰਾਣਾ ਟਰਾਈਡੈਂਟ ਗਰੁੱਪ ਵੀ ਇਸ ਤੋਂ ਬਚਿਆ ਨਹੀਂ ਰਿਹਾ ਕਿਉਂਕਿ ਟਰਾਈਡੈਂਟ ਫ਼ੈਕਟਰੀ ਸੰਘੇੜਾ ਦੇ ਮੁੱਖ ਗੇਟ ਦੇ ਨਾਲ ਗਲੀ ਵਿਚ ਪਿਛਲੇ ਕਈ ਦਿਨਾਂ ਤੋਂ ਓਵਰਫ਼ਲੋ ਹੋ ਰਿਹਾ ਸੀਵਰੇਜ ਦਾ ਗੰਦਾ ਪਾਣੀ ਹੁਣ ਫ਼ੈਕਟਰੀ ਦੇ ਮੁੱਖ ਗੇਟ 'ਤੇ ਪਹੁੰਚ ਗਿਆ ਹੈ | ਮੌਕੇ 'ਤੇ ਜਾ ਕੇ ਜਦੋਂ ਦੇਖਿਆ ਗਿਆ ਕਿ ਫ਼ੈਕਟਰੀ ਦੇ ਮੁੱਖ ਗੇਟ ਦੇ ਬਿਲਕੁਲ ਸਾਹਮਣੇ ਗੰਦੇ ਪਾਣੀ ਦਾ ਤਲਾਬ ਬਣਿਆ ਹੋਇਆ ਸੀ ਅਤੇ ਇਹ ਪਾਣੀ ਰਿਸ ਕੇ ਫ਼ੈਕਟਰੀ ਦੇ ਮੁੱਖ ਗੇਟ ਦੇ ਅੰਦਰ ਵੀ ਦਾਖਲ ਹੋ ਰਿਹਾ ਹੈ, ਜਿਸ ਨਾਲ ਕੰਪਲੈਕਸ ਅੰਦਰ ਵੀ ਗੰਦਗੀ ਫੈਲ ਰਹੀ ਹੈ | ਸੀਵਰੇਜ ਦੇ ਗੰਦੇ ਪਾਣੀ ਕਾਰਨ ਕਾਫ਼ੀ ਬਦਬੂ ਫੈਲ ਰਹੀ ਹੈ ਅਤੇ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ | ਇਸ ਖੜ੍ਹੇ ਗੰਦੇ ਪਾਣੀ ਕਾਰਨ ਕਿਸੇ ਵੀ ਸਮੇਂ ਕੋਈ ਭਿਆਨਕ ਬਿਮਾਰੀ ਫੈਲਣ ਦਾ ਖ਼ਤਰਾ ਹੈ | ਸ਼ਹਿਰ ਵਿਚ ਵੈਸੇ ਵੀ ਇਸ ਵੇਲੇ ਡੇਂਗੂ ਦਾ ਪ੍ਰਕੋਪ ਛਾਇਆ ਹੋਇਆ ਹੈ ਅਤੇ ਸੀਵਰੇਜ ਦਾ ਇਹ ਖੜ੍ਹਾ ਪਾਣੀ ਸਿੱਧੇ ਤੌਰ 'ਤੇ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ | ਇਸ ਲਈ ਟਰਾਈਡੈਂਟ ਵਰਗੇ ਵੱਡੇ ਉਦਯੋਗਿਕ ਕੇਂਦਰ ਦੇ ਮੁੱਖ ਰਸਤੇ 'ਤੇ ਅਜਿਹਾ ਮਾਹੌਲ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ | ਇਲਾਕਾ ਨਿਵਾਸੀਆਂ ਅਤੇ ਫ਼ੈਕਟਰੀ ਦੇ ਕਰਮਚਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਸੀਵਰੇਜ ਲਾਈਨਾਂ ਦੀ ਸਫ਼ਾਈ ਕਰਵਾ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ |