ਬਰਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸੰਸਦ ਮੈਂਬਰ ਸ: ਗੁਰਮੀਤ ਸਿੰਘ ਮੀਤ ਹੇਅਰ ਵਲੋਂ ਹੰਡਿਆਇਆ ਰੋਡ, ਵਾਰਡ ਨੰਬਰ 24 ਵਿਖੇ ਕਰੀਬ 43.79 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ | ਇਸ ਮੌਕੇ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਪਿਛਲੇ ਕਰੀਬ 3 ਸਾਲਾਂ ਵਿਚ ਬਰਨਾਲਾ ਦੇ ਵਿਕਾਸ ਲਈ ਸੈਂਕੜੇ ਕਰੋੜਾਂ ਦੇ ਫ਼ੰਡ ਜਾਰੀ ਕੀਤੇ ਗਏ ਹਨ ਜਿਨ੍ਹਾਂ ਨਾਲ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜ਼ਿਲੇ੍ਹ ਵਿਚ 300 ਕਰੋੜ ਰੁਪਏ ਦੇ ਕੰਮ ਸਿਰਫ਼ ਜਲ ਸਰੋਤ ਵਿਭਾਗ ਦੇ ਕਰਵਾਏ ਗਏ ਹਨ ਜਿਨ੍ਹਾਂ ਵਿਚ ਮੋਘੇ ਅਤੇ ਅੰਡਰਗਰਾਊਾਡ ਪਾਈਪਲਾਈਨ ਦਾ ਕੰਮ ਸ਼ਾਮਲ ਹੈ | ਇਸ ਤੋਂ ਪਹਿਲਾਂ ਹਰੀਗੜ੍ਹ ਨਹਿਰ ਲੰਘਣ ਦੇ ਬਾਵਜੂਦ ਹਰੀਗੜ੍ਹ ਨੂੰ ਨਹਿਰੀ ਪਾਣੀ ਨਸੀਬ ਨਹੀਂ ਹੋ ਰਿਹਾ ਸੀ ਅਤੇ ਉਨ੍ਹਾਂ ਵਲੋਂ ਹਰੀਗੜ੍ਹ, ਭੂਰੇ, ਬਡਬਰ ਸਣੇ ਵੱਖ-ਵੱਖ ਪਿੰਡਾਂ ਵਿਚ ਮੋਘੇ ਕਢਵਾਏ ਗਏ ਅਤੇ ਕਈ ਪਿੰਡਾਂ ਵਿਚ ਦਹਾਕਿਆਂ ਮਗਰੋਂ ਨਹਿਰੀ ਪਾਣੀ ਪਹੁੰਚਿਆ | ਇਸ ਤੋਂ ਇਲਾਵਾ ਸੜਕਾਂ ਦੇ ਨਵੀਨੀਕਰਨ ਅਤੇ ਚੌੜੀਆਂ ਕਰਾਉਣ ਤੋਂ ਇਲਾਵਾ ਥਾਪਰ ਮਾਡਲ ਅਤੇ ਪਿੰਡਾਂ ਵਿਚ ਸੀਵਰੇਜ, ਗਲੀਆਂ, ਖੇਡ ਮੈਦਾਨਾਂ ਤੇ ਸਕੂਲਾਂ ਲਈ ਕਰੋੜਾਂ ਰੁਪਏ ਦੇ ਫ਼ੰਡ ਖ਼ਰਚੇ ਜਾ ਰਹੇ ਹਨ | ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ ਅਤੇ ਹੋਰ ਪਤਵੰਤੇ ਹਾਜ਼ਰ ਸਨ |