ਸ਼ਹਿਣਾ, 28 ਸਤੰਬਰ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੈਨਿਥ ਨੇ ਪਿੰਡ ਮੌੜ ਨਾਭਾ ਅਤੇ ਸ਼ਹਿਣਾ ਵਿਖੇ ਕਿਸਾਨਾਂ ਨਾਲ ਮਿਲਣੀ ਕੀਤੀ | ਜਿਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਖੇਤਾਂ ਵਿਚ ਹੀ ਰਲਾ ਕੇ ਉਸ ਦਾ ਪ੍ਰਬੰਧਨ ਕਰਨ ਲਈ ਪ੍ਰੇਰਿਆ | ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਸਾੜਨ ਨਾਲ ਜ਼ਮੀਨ, ਮਨੁੱਖ ਅਤੇ ਵਾਤਾਵਰਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਇਸ ਲਈ ਮਨੁੱਖੀ ਸਿਹਤ ਤੇ ਵਾਤਾਵਰਨ ਪ੍ਰਤੀ ਅਪਣਾ ਫ਼ਰਜ਼ ਨਿਭਾਈਏ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਪਰਾਲੀ ਪ੍ਰਬੰਧਨ ਲਈ ਜ਼ਿਲ੍ਹੇ ਦੇ ਅਤੇ ਜ਼ਿਲ੍ਹੇ ਤੋਂ ਬਾਹਰ ਪਰਾਲੀ ਇਕੱਠੀ ਕਰਨ 'ਤੇ ਡੰਪ ਲਗਾਉਣ ਲਈ ਸੱਦਾ ਦਿੱਤਾ ਹੈ | ਪ੍ਰਸ਼ਾਸਨ ਵਲੋਂ ਵੱਖ-ਵੱਖ ਪਿੰਡਾਂ ਵਿਚ ਪੰਚਾਇਤੀ ਸ਼ਾਮਲਾਟ ਜ਼ਮੀਨ ਦੀ ਸ਼ਨਾਖ਼ਤ ਕੀਤੀ ਜਾ ਚੁੱਕੀ ਹੈ ਅਤੇ ਜੇਕਰ ਕਿਸੇ ਐਗਰੀਕੇਟਰ/ਬੇਲਰ ਮਾਲਕ ਨੂੰ ਪਰਾਲੀ ਦੀ ਸਟੋਰੇਜ ਲਈ ਜ਼ਮੀਨ ਦੀ ਲੋੜ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਸਨਅਤਾਂ, ਬੇਲਰ ਮਾਲਕਾਂ ਜਾਂ ਪਰਾਲੀ ਇਕੱਠੀ ਕਰਨ ਵਾਲੀਆਂ ਧਿਰਾਂ ਨੂੰ ਪਰਾਲੀ ਡੰਪ ਲਈ ਕੁੱਝ ਪਿੰਡਾਂ ਵਿਚ ਜ਼ਮੀਨ ਦੀ ਜ਼ਰੂਰਤ ਹੈ | ਇਸ ਵਾਸਤੇ ਵੀ ਪੰਚਾਇਤਾਂ ਅੱਗੇ ਆਉਣ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਵਾਢੀ ਲਈ ਕੋਈ ਵੀ ਮਸ਼ੀਨ ਸੁਪਰ ਐਸ.ਐਮ.ਐਸ. ਤੋਂ ਬਿਨਾ ਨਾ ਚਲਾਈ ਜਾਵੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਲਈ 7 ਲੱਖ ਦਾ ਲੱਕੀ ਡਰਾਅ ਵੀ ਚਲਾਇਆ ਗਿਆ ਹੈ, ਜਿਸ ਵਾਸਤੇ ਕਿਸਾਨ 30 ਸਤੰਬਰ ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਪਿੰਡ ਦੀਆਂ ਸੁਸਾਇਟੀਆਂ ਵਿਚ ਪਿੰਡਾਂ ਵਿਚ ਉਪਲਬਧ ਖੇਤੀ ਮਸ਼ੀਨਰੀ ਅਤੇ ਜ਼ਿਲ੍ਹੇ ਵਿਚ ਉਪਲਬਧ ਬੇਲਰਾਂ ਦੀਆਂ ਲਿਸਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ | ਪਿੰਡ ਦੀ ਪੰਚਾਇਤ ਅਤੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਨਾ ਲਾ ਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਭਰਵਾਂ ਹੁੰਗਾਰਾ ਦਿੱਤਾ ਗਿਆ | ਇਸ ਮੌਕੇ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ: ਹਰਬੰਸ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਪਰਾਲੀ ਖੇਤਾਂ ਵਿਚ ਮਿਲਾਓ, ਉੱਗਣ ਸ਼ਕਤੀ ਵਧਾਓ ਅਤੇ ਪਰਾਲੀ ਸਾੜ ਕੇ ਮਹਿੰਗੇ ਤੱਤ ਨਾ ਗਵਾਓ ਦੀ ਅਪੀਲ ਕੀਤੀ | ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ: ਹਰਬੰਸ ਸਿੰਘ ਸਿੱਧੂ, ਧਰਮਵੀਰ ਸਿੰਘ ਏ.ਓ., ਗੁਰਬਿੰਦਰ ਸਿੰਘ ਏ.ਓ., ਨਵਜੀਤ ਸਿੰਘ ਏ.ਡੀ.ਓ., ਸੁਨੀਤਾ ਰਾਣੀ ਨੋਡਲ ਅਫ਼ਸਰ ਪਰਾਲੀ, ਬੀ.ਡੀ.ਪੀ.ਓ.ਜਗਰਾਜ ਸਿੰਘ, ਸਰਪੰਚ ਨਾਜ਼ਮ ਸਿੰਘ ਫ਼ੌਜੀ, ਮਲਕੀਤ ਸਿੰਘ ਸਰਪੰਚ ਮੌੜ ਨਾਭਾ, ਬਲਜੀਤ ਸਿੰਘ ਗਿੱਲ ਤੇ ਪੰਚ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |