ਬਰਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹੀਦੇ ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਨ ਮੌਕੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਭਗਤ ਨਾਮਦੇਵ ਚੌਂਕ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਇਨਕਲਾਬੀ ਮਾਰਚ ਕੱਢਿਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਅਤੇ ਡਾ: ਰਜਿੰਦਰ ਪਾਲ ਨੇ ਕਿਹਾ ਕਿ ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਪਾਰਟੀ ਬਣਾ ਕੇ ਸੰਗਰਾਮ ਕਰਨ ਵਾਲਾ ਯੋਧਾ ਭਗਤ ਸਿੰਘ ਮੌਤ ਤੋਂ ਤਾਂ ਬੇਖ਼ੌਫ ਸੀ ਹੀ ਪਰ ਸਭ ਤੋਂ ਵੱਧ ਵਿਗਿਆਨਕ ਵਿਚਾਰਵਾਨ, ਦੂਰਦਰਸ਼ੀ ਅਤੇ ਚਿੰਤਕ ਵੀ ਸੀ | ਉਨ੍ਹਾਂ ਨੇ ਮਜਦੂਰਾਂ-ਕਿਸਾਨਾਂ ਅਤੇ ਹੋਰ ਮਿਹਨਤਕਸ਼ ਤਬਕਿਆਂ ਨੂੰ ਵਿਗਿਆਨਕ ਵਿਚਾਰਧਾਰਾ ਅਪਣਾਉਂਦੇ ਹੋਏ ਚੇਤੰਨ ਹੋਣ, ਆਪਣੇ ਹੱਕ ਹਾਸਲ ਕਰਨ ਲਈ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਇਨਕਲਾਬੀ ਲਹਿਰ ਨਾਲ ਜੁੜਨ ਦਾ ਸੱਦਾ ਦਿੱਤਾ | ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਨੂੰ ਸਮਝਦਿਆਂ, ਮਜ਼ਦੂਰ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਰਾਜਨੀਤਕ ਪ੍ਰਬੰਧ ਨੂੰ ਮੁੱਢੋਂ ਸੁੱਢੋਂ ਤਬਦੀਲ ਕਰ ਕੇ ਨਵਾਂ ਜਮਹੂਰੀ ਪ੍ਰਬੰਧ ਸਿਰਜਣ ਲਈ ਜਮਾਤੀ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ | ਸ਼ਹੀਦ ਭਗਤ ਸਿੰਘ ਨੂੰ ਹਾਰ ਪਹਿਨਾਉਣ ਦੀ ਰਸਮ ਨੀਲਮ ਰਾਣੀ ਨੇ ਅਦਾ ਕੀਤੀ | ਬਲਦੇਵ ਮੰਡੇਰ ਨੇ ਇਨਕਲਾਬੀ ਗੀਤ ਪੇਸ਼ ਕੀਤੇ | ਮੰਚ ਸੰਚਾਲਨ ਦੇ ਫ਼ਰਜ਼ ਸੁਖਵਿੰਦਰ ਠੀਕਰੀਵਾਲਾ ਨੇ ਬਾਖ਼ੂਬੀ ਨਿਭਾਏ | ਇਸ ਸਮੇਂ ਜਸਪਾਲ ਚੀਮਾ, ਹਰਚਰਨ ਚਹਿਲ, ਸਤਨਾਮ ਸਿੰਘ, ਪ੍ਰਗਟ ਸਿੰਘ ਕੋਟਦੁੱਨਾ, ਕੁਲਦੀਪ ਸਿੰਘ ਸੰਘੇੜਾ, ਪ੍ਰੇਮਪਾਲ ਕੌਰ, ਜਸਲੀਨ, ਜਸਵਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਜਗਮੀਤ ਬੱਲਮਗੜ੍ਹ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ/ਵਰਕਰ ਸ਼ਾਮਿਲ ਹੋਏ |