ਤਪਾ ਮੰਡੀ, 28 ਸਤੰਬਰ (ਪ੍ਰਵੀਨ ਗਰਗ)- ਬੀਤੀ ਰਾਤ ਨਾਮਦੇਵ ਮਾਰਗ 'ਤੇ ਸਥਿਤ ਇਕ ਕਬਾੜ ਦੀ ਦੁਕਾਨ ਅੰਦਰ ਦਾਖਲ ਹੋ ਕੇ ਚੋਰ ਹਜ਼ਾਰਾਂ ਰੁਪਈਆਂ ਦਾ ਪਿੱਤਲ, ਲੋਹਾ, ਤਾਂਬਾ ਅਤੇ ਨਕਦੀ ਚੋਰੀ ਕਰ ਕੇ ਲੈ ਗਏ ਜਿਸ ਦਾ ਦੁਕਾਨ ਮਾਲਕ ਨੂੰ ਸਵੇਰ ਹੋਣ ਉਪਰੰਤ ਪਤਾ ਲੱਗਾ | ਜਾਣਕਾਰੀ ਦਿੰਦੇ ਹੋਏ ਨਾਮਦੇਵ ਮਾਰਗ 'ਤੇ ਨਵੇਂ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਕਬਾੜ ਦੀ ਦੁਕਾਨ ਕਰਦੇ ਕਰਤਾਰ ਰਾਮ ਪੁੱਤਰ ਭਾਨ ਚੰਦ ਵਾਸੀ ਰੂੜੇਕੇ ਕਲਾਂ ਨੇ ਦੱਸਿਆ ਕਿ ਉਹ ਤਪਾ ਵਿਖੇ ਲਗਭਗ ਪਿਛਲੇ 10 ਸਾਲਾਂ ਤੋਂ ਕਿਰਾਏ ਦੀਆਂ ਦੁਕਾਨ 'ਚ ਆਪਣਾ ਕਾਰੋਬਾਰ ਚਲਾਉਂਦਾ ਹੈ | ਬੀਤੀ ਰਾਤ ਚੋਰ ਉਸ ਦੇ ਕਬਾੜ ਵਾਲੇ ਬਗ਼ਲ ਵਿਚ ਦਾਖਲ ਹੋ ਕੇ ਨਾਲ ਨਾਲ ਲੱਗਦੀਆਂ ਦੋਨੋਂ ਦੁਕਾਨਾਂ ਵਿਚੋਂ ਤਾਂਬਾ ਪਿੱਤਲ, ਲੋਹਾ ਅਤੇ 10 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਕੇ ਲੈ ਗਏ | ਇਸ ਘਟਨਾ ਨੂੰ ਅੰਜਾਮ ਦੇਣ ਲਈ ਚੋਰਾਂ ਨੇ ਇਕ ਦੁਕਾਨ ਵਿਚ ਪਾੜ ਲਾ ਦਿੱਤਾ ਤੇ ਦੂਸਰੀ ਦਾ ਦਰਵਾਜ਼ਾ ਪੁੱਟ ਦਿੱਤਾ | ਕਬਾੜੀਏ ਨੇ ਦੱਸਿਆ ਕਿ ਦੁਕਾਨ ਅੰਦਰ ਜ਼ਿਆਦਾ ਹਨੇਰਾ ਹੋਣ ਕਰ ਕੇ ਚੋਰਾਂ ਨੇ ਦੁਕਾਨ ਅੰਦਰ ਰੱਖੇ ਸਟੋਵ ਰਾਹੀਂ ਚਾਨਣ ਕਰ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਕਬਾੜੀਏ ਅਨੁਸਾਰ ਉਸ ਦੀ ਦੁਕਾਨ ਵਿਚੋਂ ਪਹਿਲਾਂ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ | ਇਸ ਘਟਨਾ ਨਾਲ ਉਸ ਦਾ ਲਗਭਗ 50 ਕੁ ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ | ਉਸ ਨੇ ਤੁਰੰਤ ਇਸ ਘਟਨਾ ਸਬੰਧੀ ਤਪਾ ਪੁਲਿਸ ਨੂੰ ਸੂਚਿਤ ਕੀਤਾ | ਘਟਨਾ ਦੀ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ | ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਤੋਂ ਮੰਗ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਗਸ਼ਤ ਵਧਾਈ ਜਾਵੇ |