ਧਨੌਲਾ, 2 ਨਵੰਬਰ (ਜਤਿੰਦਰ ਸਿੰਘ ਧਨੌਲਾ)-ਚਿਕਨਗੁਣੀਆ ਅਤੇ ਡੇਂਗੂ ਦੇ ਵੱਧ ਰਹੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦਿਆਂ ਕਾਰੋਬਾਰੀ ਭਰਾਵਾਂ ਦੀ ਇਕ ਵਿਸ਼ੇਸ਼ ਇਕੱਤਰਤਾ ਲਿੰਕਨ ਗਰੁੱਪ ਆਫ਼ ਇੰਡਸਟਰੀਜ਼ ਭਦੌੜ ਵਲੋਂ ਦੀਪਕ ਢਾਬਾ ਧਨੌਲਾ ਵਿਖੇ ਆਯੋਜਿਤ ਕੀਤੀ ਗਈ | ਜਿਸ ਵਿਚ ਮਾਹਿਰ ਡਾ: ਦੇਵਨ ਮਿੱਤਲ ਐਮ.ਡੀ. ਮੈਡੀਸਨ ਬਰਨਾਲਾ ਡੇਂਗੂ ਅਤੇ ਚਿਕਨਗੁਨੀਆ ਦੇ ਬਚਾਅ ਬਾਰੇ ਜਾਣਕਾਰੀ ਦੇਣ ਲਈ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਪੁੱਜੇ ਮਾਹਿਰ ਡਾਕਟਰ ਵਲੋਂ ਕਾਰੋਬਾਰੀ ਭਰਾਵਾਂ ਨੂੰ ਚਿਕਨਗੁਣੀਆ ਦੇ ਬਚਾਅ ਅਤੇ ਡੇਂਗੂ ਦੇ ਬਚਾਅ ਬਾਰੇ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਚਿੱਟੇ ਰੰਗ ਦਾ ਇਕ ਮੱਛਰ ਵਿਸ਼ੇਸ਼ ਤੌਰ 'ਤੇ ਚਿਕਨਗੁਣੀਆ ਨੂੰ ਫੈਲਾਉਣ ਦਾ ਅਹਿਮ ਜ਼ਰੀਆ ਹੈ | ਉਨ੍ਹਾਂ ਘਰਾਂ ਦੁਆਲੇ ਪਾਣੀ ਇਕੱਤਰ ਨਾ ਕਰਨ 'ਤੇ ਗੰਦਗੀ ਨਾ ਫੈਲਣ ਦੇਣ ਤੇ ਘਰਾਂ ਅੰਦਰ ਅਤੇ ਬਾਹਰ ਮਿਆਰੀ ਕੀਟਨਾਸ਼ਕਾਂ ਦੇ ਸਪਰੇ ਕਰਨ ਬਾਰੇ ਵੀ ਨਸੀਹਤ ਕੀਤਾ | ਉਨ੍ਹਾਂ ਆਖਿਆ ਕਿ ਪੀੜਤਾਂ ਨੂੰ ਜਿੱਥੇ ਮਾਹਿਰਾਂ ਕੋਲ ਜਾ ਕੇ ਚੈੱਕਅੱਪ ਕਰਵਾ ਕੇ ਢੁਕਵੀਂ ਦਵਾਈ ਲੈਣ ਦੀ ਜ਼ਰੂਰਤ ਹੈ ਉੱਥੇ ਜ਼ਿਆਦਾ ਮਾਤਰਾ ਵਿਚ ਗਰਮ ਪਾਣੀ ਪੀਣ, ਗੁਣਵੱਤਾ ਭਰਪੂਰ ਦਾਲਾਂ ਖਾਣ ਅਤੇ ਖ਼ਾਸ ਕਰ ਕੇ ਪੌਸ਼ਟਿਕ ਖਾਣਾ ਖਾਣ ਬਾਰੇ ਵੀ ਨਸੀਹਤ ਕੀਤਾ ਗਿਆ | ਲਿੰਕਨ ਚਾਹ ਵਲੋਂ ਉਚੇਚੇ ਤੌਰ 'ਤੇ ਪੁੱਜੇ ਮੈਨੇਜਿੰਗ ਡਾਇਰੈਕਟਰ ਧਰਮਿੰਦਰ ਕੁਮਾਰ ਮੱਖਣ, ਨਰੇਸ਼ ਕੁਮਾਰ ਬਰਨਾਲਾ ਅਤੇ ਡੇਵਿਸ ਗਰਗ ਵਲੋਂ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਸਿਹਤ ਮਾਹਿਰਾਂ ਅਤੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਵੀ ਸਨਮਾਨਿਤ ਵੀ ਕੀਤਾ ਗਿਆ |