ਟੱਲੇਵਾਲ, 3 ਨਵੰਬਰ (ਸੋਨੀ ਚੀਮਾ)-ਪਿਛਲੇ ਲੰਬੇ ਸਮੇਂ ਤੋਂ ਗੁਰਮਤਿ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੀ ਤੇ ਸਮਾਜ ਸੇਵਾ ਕਰਨ ਵਾਲੀ ਗੁਰਮਤਿ ਸੇਵਾ ਲਹਿਰ ਵਲੋਂ ਹੜ੍ਹ ਪੀੜ੍ਹਤ ਇਲਾਕਿਆਂ ਵਿਚ 10 ਲੱਖ ਰੁਪਏ ਦੀ ਆਰਥਿਕ ਸੇਵਾ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੇਵਾਦਾਰ ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਰਮਤਿ ਸੇਵਾ ਲਹਿਰ ਪਹਿਲਾ ਵੀ ਗੁਰਸਿੱਖ ਲੋੜਵੰਦ ਕਿਰਤੀ ਲੋਕਾਂ ਦੀ ਸਮੇਂ-ਸਮੇਂ 'ਤੇ ਮਦਦ ਕਰਦੀ ਰਹਿੰਦੀ ਹੈ | ਇਸ ਵਾਰ ਕਈ ਜ਼ਿਲਿ੍ਹਆਂ ਵਿਚ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਹੈ | ਫ਼ਸਲਾਂ ਬਰਬਾਦ ਹੋ ਗਈਆਂ ਹਨ, ਪਸ਼ੂ ਪਾਣੀ ਵਿਚ ਰੁੜ੍ਹ ਗਏ ਹਨ ਤੇ ਘਰ ਢਹਿ ਗਏ ਹਨ | ਹੜ੍ਹ ਪੀੜ੍ਹਤ ਲੋਕਾਂ ਦੀ ਜਿੱਥੇ ਵੱਖ-ਵੱਖ ਸੰਸਥਾਵਾਂ ਵਲੋਂ ਮਦਦ ਕੀਤੀ ਗਈ ਹੈ, ਉੱਥੇ ਗੁਰਮਤਿ ਸੇਵਾ ਲਹਿਰ ਵਲੋਂ ਵੀ ਪੀੜ੍ਹਤ ਲੋਕਾਂ ਦੀ 10 ਲੱਖ ਰੁਪਏ ਦੀ ਰਾਸ਼ੀ ਨਾਲ ਮਦਦ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਗੁਰਮਤਿ ਸੇਵਾ ਲਹਿਰ ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਏਰੀਏ ਦੇ ਫ਼ਤਿਹਗੜ੍ਹ ਪੰਜਤੂਰ, ਧਰਮਕੋਟ ਇਲਾਕੇ ਦੇ 24 ਪਿੰਡਾਂ ਦਾ ਸਰਵੇ ਕੀਤਾ ਗਿਆ | ਇਹ ਇਲਾਕੇ ਦੇ ਪਿੰਡ ਸਤਲੁਜ ਦਰਿਆ ਦੇ ਪਾਣੀ ਦੀ ਲਪੇਟ ਵਿਚ ਆਏ ਸਨ ਤੇ ਇਨ੍ਹਾਂ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਸੀ | ਸਾਰਾ ਸਰਵੇ ਕਰਨ ਤੋਂ ਬਾਅਦ ਟੀਮ ਵਲੋਂ ਗੁਰਮਤਿ ਸੇਵਾ ਲਹਿਰ ਦੇ ਮੈਂਬਰ ਭਾਈ ਗੁਰਮੇਲ ਸਿੰਘ ਮੰਦਰ ਦੀ ਡਿਊਟੀ ਲਗਾਈ ਹੈ ਜੋ ਇਲਾਕੇ ਦੇ ਪਿੰਡਾਂ ਵਿਚ ਲੋੜਵੰਦਾਂ ਲਈ ਵੱਖ-ਵੱਖ ਤਰੀਕੇ ਨਾਲ ਸੇਵਾਵਾਂ ਕਰਨਗੇ | ਉਨ੍ਹਾਂ ਦੱਸਿਆ ਕਿ 10 ਲੱਖ ਰੁਪਏ ਨਾਲ ਲੋੜਵੰਦਾਂ ਨੂੰ ਡੀਜ਼ਲ, ਖਾਦ, ਬੀਜ ਤੋਂ ਇਲਾਵਾ ਘਰੇਲੂ ਸਮਾਨ ਦਿੱਤਾ ਜਾਵੇਗਾ ਅਤੇ ਇਹ ਸੇਵਾ 4 ਨਵੰਬਰ ਤੋਂ ਸ਼ੁਰੂ ਹੋਵੇਗੀ | ਇਸ ਸਮੇਂ ਭਾਈ ਜਗਤਾਰ ਸਿੰਘ ਸੈਕਟਰੀ ਗੁਰਮਤਿ ਸੇਵਾ ਲਹਿਰ, ਭਾਈ ਸੁਖਵੀਰ ਸਿੰਘ ਨਥਾਣਾ, ਭਾਈ ਰਾਹੁਲ ਸਿੰਘ ਤੇ ਭਾਈ ਸਰੂਪ ਸਿੰਘ ਬਠਿੰਡਾ ਵੀ ਹਾਜ਼ਰ ਸਨ |