ਬਰਨਾਲਾ, 3 ਨਵੰਬਰ (ਨਰਿੰਦਰ ਅਰੋੜਾ)-ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੀਵਰੇਜ ਬੋਰਡ ਦਫ਼ਤਰ ਬਰਨਾਲਾ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ | ਗੱਲਬਾਤ ਕਰਦਿਆਂ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਆਊਟਸੋਰਸ ਵਰਕਰਾਂ ਦੀ ਅਗਸਤ ਮਹੀਨੇ ਦੀ ਤਨਖ਼ਾਹ ਅਜੇ ਤੱਕ ਜਾਰੀ ਨਹੀਂ ਕੀਤੀ ਅਤੇ ਈ.ਪੀ.ਐਫ. ਵੀ ਜਾਰੀ ਨਹੀਂ ਹੋ ਰਿਹਾ | ਇਸ ਸਬੰਧੀ ਕਾਰਜਕਾਰੀ ਇੰਜੀਨੀਅਰ ਵਲੋਂ ਫ਼ੋਨ ਉੱਤੇ ਗੱਲ ਕਰ ਕੇ ਭਰੋਸਾ ਦਿਵਾਇਆ ਗਿਆ ਕਿ ਤੁਹਾਡੇ ਵਰਕਰਾਂ ਦੀ ਅਗਸਤ ਮਹੀਨੇ ਦੀ ਤਨਖ਼ਾਹ ਅਤੇ ਈ.ਪੀ.ਐਫ ਵੀਰਵਾਰ ਤੱਕ ਜਾਰੀ ਕਰ ਦਿੱਤਾ ਜਾਵੇਗਾ | ਜਿਸ ਬਾਅਦ ਵਰਕਰਾਂ ਨੇ ਧਰਨਾ ਸਮਾਪਤ ਕਰ ਦਿੱਤਾ ਪਰ ਅਧਿਕਾਰੀ ਸਾਡੇ ਵਰਕਰਾਂ ਦੀ ਤਨਖ਼ਾਹ ਸਬੰਧੀ ਲਾਰੇ ਲੱਪੇ ਲਾ ਕੇ ਹੀ ਟਾਈਮ ਟਪਾ ਰਹੇ ਹਨ | ਜੇਕਰ ਕੀਤੇ ਵਾਅਦੇ ਮੁਤਾਬਕ ਤਨਖ਼ਾਹ ਅਤੇ ਈ.ਪੀ.ਐਫ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਦੌਰਾਨ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਜਨਰਲ ਸਕੱਤਰ ਅਮਰੀਕ ਸਿੰਘ ਜਲੂਰ, ਸੂਬਾ ਆਗੂ ਵਿਨੋਦ ਕੁਮਾਰ, ਰੌਸ਼ਨ ਕੁਮਾਰ, ਬਲਦੇਵ ਮੰਡੇਰ, ਮੋਹਨ ਰਾਮ, ਮੁਕੇਸ਼ ਕੁਮਾਰ, ਜ਼ਿਲ੍ਹਾ ਆਗੂ ਸੁਰੇਸ਼ ਕੁਮਾਰ, ਪੂਰਨ ਸਿੰਘ, ਜਗਸੀਰ ਰਾਮ ਹਾਜ਼ਰ ਸਨ |