ਸੰਗਰੂਰ, 3 ਨਵੰਬਰ (ਧੀਰਜ ਪਸੌਰੀਆ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ ਪਿੰਡਾ ਵਿਚੋਂ ਕਿਸਾਨ ਆਗੂ ਸ਼ਾਮਲ ਹੋਏ | ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਡੀਏਪੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਡੀਏਪੀ ਅਤੇ ਯੂਰੀਆ ਖਾਦ ਦੇ ਨਾਲ ਬੇਲੋੜੀ ਦੀਆ ਖਾਦਾਂ ਤੇ ਦਵਾਈਆਂ ਜ਼ਬਰਦਸਤੀ ਕਿਸਾਨਾਂ ਦੇ ਸਿਰ ਮੜਨੀਆਂ ਬੰਦ ਕੀਤੀਆਂ ਜਾਣ | ਨੈਸ਼ਨਲ ਗਰੀਨ ਟਿ੍ਬਿਊਨਲ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਦੇ ਨਿਪਟਾਰੇ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਮਸ਼ੀਨਰੀ ਅਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ | ਇਸ ਲਈ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਜਾਂ 7000 ਰੁਪਏ ਪ੍ਰਤੀ ਏਕੜ ਨਗਦ ਸਹਾਇਤਾ ਦਿੱਤੀ ਜਾਵੇ | ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖ਼ਿਲਾਫ਼ ਕੀਤੀ ਜਾਣ ਵਾਲੀ ਹਰ ਕਿਸਮ ਦੀ ਕਾਰਵਾਈ ਬੰਦ ਕੀਤੀ ਜਾਵੇ | ਕਿਸਾਨੀ ਮੰਗਾ ਲਈ 4 ਨਵੰਬਰ ਨੂੰ ਡਿਪਟੀ ਕਮਿਸ਼ਨਰ ਰਾਹੀ ਪੰਜਾਬ ਸਰਕਾਰ ਨੂੰ ਦੇਣ ਵਾਲੇ ਮੰਗ ਪੱਤਰ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਬਿਜਲੀ ਸੋਧ ਬਿੱਲ 2025 ਰਾਜਾ ਦੇ ਅਧਿਕਾਰਾਂ ਤੇ ਡਾਕਾ ਹੈ ਅਤੇ ਬਿਜਲੀ ਵੰਡ ਖੇਤਰ ਵਿਚ ਨਿੱਜੀਕਰਨ ਲਾਗੂ ਕਰਨ ਦੀ ਸਾਜ਼ਿਸ਼ ਹੈ, ਇਸ ਲਈ ਬਿਜਲੀ ਸੋਧ ਬਿੱਲ ਪੰਜਾਬ ਸਰਕਾਰ ਵਲੋਂ ਰੱਦ ਕੀਤਾ ਜਾਵੇ | ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ ਘਰਾਚੋ ਜ਼ਿਲ੍ਹਾ ਜਨਰਲ ਸਕੱਤਰ, ਦਰਸ਼ਨ ਕੁਮਾਰ ਲਿੱਦੜਾਂ ਜ਼ਿਲ੍ਹਾ ਮੀਤ ਪ੍ਰਧਾਨ, ਜਸਪਾਲ ਸਿੰਘ ਘਰਾਚੋ ਜ਼ਿਲ੍ਹਾ ਪ੍ਰੈੱਸ ਸਕੱਤਰ, ਮਨਜਿੰਦਰ ਸਿੰਘ ਘਾਬਦਾ ਬਲਾਕ ਪ੍ਰਧਾਨ, ਅਮਰਜੀਤ ਸਿੰਘ ਖਨਾਲ ਕਲਾ, ਪ੍ਰੀਤਮ ਸਿੰਘ ਬਾਦਸ਼ਾਹਪੁਰ, ਪ੍ਰੀਤਇੰਦਰ ਸਿੰਘ ਗਰੇਵਾਲ, ਸਰਵਣ ਸਿੰਘ ਕਲੋਦੀ, ਮਲਕੀਤ ਦਾਸ ਕਲੋਦੀ, ਗੁਰਚਰਨ ਸਿੰਘ ਭਿੰਡਰਾਂ, ਮੱਖਣ ਸਿੰਘ ਘਾਬਦਾਂ, ਸੀਤਲ ਸਿੰਘ, ਸੁਖਵਿੰਦਰ ਸਿੰਘ ਕਪਿਆਲ ਮੌਜੂਦ ਸਨ |