ਮਹਿਲ ਕਲਾਂ, 22 ਨਵੰਬਰ (ਤਰਸੇਮ ਸਿੰਘ ਗਹਿਲ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਸਰਕਾਰ ਦਾ ਨਸ਼ਾ ਛਡਾਊ ਯੰਤਰ ਹੀ ਢਾਅ ਲਾਅ ਰਿਹਾ ਹੈ, ਜ਼ਿਲੇ੍ਹ ਦੇ ਵੱਖ-ਵੱਖ ਓਟ ਕਲੀਨਿਕਾਂ ਵਿਚੋਂ ਮਿਲਣ ਵਾਲੀਆਂ ਇਹ ਨਸ਼ਾ ਛਡਾਊ ਗੋਲੀਆਂ ਦੀ ਹੁਣ ਪਿੰਡਾਂ ਵਿਚ ਨਸ਼ਾ ਛਡਾਊ ਓਟ ਕਲੀਨਿਕਾਂ ਵਿਚੋਂ ਕਾਰਡ ਧਾਰਕਾਂ ਵਲੋਂ ਗੋਲੀਆਂ ਨੰੂ ਮੁਫ਼ਤ ਪ੍ਰਾਪਤ ਕਰ ਕੇ ਅੱਗੇ ਅਮਲੀਆਂ ਨੂੰ ਵੇਚੀਆਂ ਜਾ ਰਹੀਆਂ ਹਨ, ਇਕ ਗੋਲੀ ਦੀ ਕੀਮਤ 50 ਤੋਂ 70 ਰੁਪਏ ਤੱਕ ਦੱਸੀ ਜਾ ਰਹੀ ਹੈ | ਜੇਕਰ ਗੱਲ ਓਟ ਕਲੀਨਿਕਾਂ ਵਿਚੋਂ ਨਸ਼ਾ ਛਡਾਊ ਗੋਲੀ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਕੀਤੀ ਜਾਵੇ ਤਾਂ ਜ਼ਿਲੇ੍ਹ ਦੇ ਵੱਖ-ਵੱਖ ਓਟ ਕਲੀਨਿਕਾਂ ਜਿਵੇਂ ਕਿ ਬਰਨਾਲਾ, ਮਹਿਲ ਕਲਾਂ, ਧਨੌਲਾ, ਤਪਾ, ਭਦੌੜ, ਸੋਹਲ ਪੱਤੀ ਬਰਨਾਲਾ, ਰੂੜੇਕੇ, ਹਮੀਦੀ, ਛਾਪਾ ਆਦਿ ਕੁੱਲ 10800 ਦੇ ਕਰੀਬ ਲੋਕਾਂ ਵਲੋਂ ਨਸ਼ਾ ਛਡਾਊ ਜੀਭ ਵਾਲੀ ਗੋਲੀ ਪ੍ਰਾਪਤ ਕਰਨ ਲਈ ਨਸ਼ਾ ਛਡਾਊ ਕਾਰਡ ਬਣਵਾ ਰੱਖੇ ਹਨ ਅਤੇ ਇਨ੍ਹਾਂ ਕਾਰਡ ਧਾਰਕਾਂ ਵਿਚੋਂ ਨਸ਼ਾ ਛਡਾਊ ਗੋਲੀ ਪ੍ਰਾਪਤ ਕਰਨ ਵਾਲੀਆਂ ਅਨੇਕਾਂ ਔਰਤਾਂ ਵੀ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਨੇ ਕਦੇ ਖ਼ੁਦ ਨਸ਼ਾ ਨਹੀਂ ਕੀਤਾ ਬਸ ਓਟ ਕਲੀਨਿਕਾਂ ਵਿਚੋਂ ਨਸ਼ੇ ਛਡਾਊ ਗੋਲੀਆਂ ਪ੍ਰਾਪਤ ਕਰ ਕੇ ਵੱਧ ਨਸ਼ੇ ਦੀ ਮਾਤਰਾ ਲੈਣ ਵਾਲੇ ਅਮਲੀਆਂ ਨੂੰ ਅੱਗੇ ਵੇਚੀਆਂ ਜਾ ਰਹੀਆਂ ਹਨ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਨੇਕਾਂ ਉਹ ਲੋਕਾਂ ਵਲੋਂ ਵੀ ਨਸ਼ਾ ਛਡਾਊ ਗੋਲੀਆਂ ਪ੍ਰਾਪਤ ਕਰਨ ਲਈ ਕਾਰਡ ਬਣਾ ਰੱਖੇ ਹਨ | ਜਿਨ੍ਹਾਂ ਨੇ ਖ਼ੁਦ ਕਦੇ ਨਸ਼ਾ ਨਹੀਂ ਕੀਤਾ, ਸਿਰਫ਼ ਓਟ ਕਲੀਨਿਕਾਂ ਵਿਚੋਂ ਨਸ਼ਾ ਛਡਾਊ ਗੋਲੀਆਂ ਪ੍ਰਾਪਤ ਕਰ ਕੇ ਅੱਗੇ ਵੇਚਣ ਲਈ ਕਾਰਡ ਬਣਾਏ ਹੋਏ ਹਨ | ਪਿਛਲੇ 3-4 ਸਾਲਾਂ ਤੋਂ ਨਸ਼ਾ ਛਡਾਊ ਕਾਰਡ ਬਣਾਉਣ ਵਾਲੇ ਲੋਕਾਂ ਦੀ ਲਿਸਟ ਵਿਚ ਇਕਦਮ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ, ਜਦੋਂ ਤੋਂ ਅਮਲੀਆਂ ਨੂੰ ਨਸ਼ਾ ਛਡਾਊ ਗੋਲੀਆਂ ਪੱਤਿਆਂ ਵਿਚ ਮਿਲਣ ਲੱਗੀਆਂ ਹਨ |