ਭਾਸ਼ਾ ਵਿਭਾਗ ਵਲੋਂ ਰਾਮ ਸਰੂਪ ਅਣਖੀ ਦੇ ਜਨਮ ਦਿਨ ਮੌਕੇ ਸਾਹਿਤਕ ਸਮਾਗਮ
ਬਰਨਾਲਾ, 30 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵਲੋਂ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਜੀ ਦੇ ਜਨਮ ਦਿਨ ਮੌਕੇ ਸਥਾਨਕ ਐੱਸ. ਐੱਸ.
ਬਰਨਾਲਾ, 30 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵਲੋਂ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਜੀ ਦੇ ਜਨਮ ਦਿਨ ਮੌਕੇ ਸਥਾਨਕ ਐੱਸ.ਐੱਸ.ਡੀ. ਕਾਲਜ ਵਿਖੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਦੇ ਪ੍ਰਬੰਧਾਂ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਅਤੇ ਆਲੋਚਕ ਡਾ: ਜੋਗਿੰਦਰ ਸਿੰਘ ਨਿਰਾਲਾ ਨੇ ਕੀਤੀ। ਭਾਰਤੀ ਸਾਹਿਤ ਅਕਾਦਮੀ ਦੇ ਮੈਂਬਰ ਅਤੇ ਲੇਖਕ ਬੂਟਾ ਸਿੰਘ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੂਬਾ ਪ੍ਰਧਾਨ ਪਵਨ ਹਰਚੰਦਪੁਰੀ, ਪੱਤਰਕਾਰ ਅਤੇ ਲੇਖਕ ਗੁਰਸੇਵਕ ਸਿੰਘ ਧੌਲਾ ਅਤੇ ਸੂਬਾ ਪੱਧਰੀ ਸਨਮਾਨ ਜੇਤੂ ਲੇਖਕ ਬੇਅੰਤ ਸਿੰਘ ਬਾਜਵਾ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਹਾਜ਼ਰ ਹੋਏ। ਜ਼ਿਲ੍ਹਾ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਵਲੋਂ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਹਿਣ ਦੇ ਨਾਲ-ਨਾਲ ਭਾਸ਼ਾ ਵਿਭਾਗ ਪੰਜਾਬ ਵਲੋਂ ਕਰਵਾਈਆਂ ਜਾ ਰਹੀਆਂ ਭਾਸ਼ਾ ਅਤੇ ਸਾਹਿਤ ਨੂੰ ਸਮਰਪਿਤ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਪੁਸਤਕ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਿਭਾਗ ਵਲੋਂ ਸਨਮਾਨ ਵਜੋਂ ਪੁਸਤਕਾਂ ਭੇਟ ਕਰਨ ਦੀ ਵੀ ਪਿਰਤ ਸ਼ੁਰੂ ਕੀਤੀ ਗਈ ਹੈ। ਸਮਾਗਮ ਦੌਰਾਨ ‘ਰਾਮ ਸਰੂਪ ਅਣਖੀ ਦਾ ਸਾਹਿਤ ਸੰਸਾਰ’ ਵਿਸ਼ੇ ’ਤੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਅਣਖੀ ਦੀਆਂ ਕਹਾਣੀਆਂ ਵਿਚੋਂ ਮਾਲਵੇ ਦੀ ਮਿੱਟੀ ਦੀ ਮਹਿਕ ਆਉਂਦੀ ਹੈ ਅਤੇ ਅਣਖੀ ਨੂੰ ਲੋਕ ਸਾਹਿਤਕਾਰ ਹੋਣ ਦਾ ਦਰਜਾ ਪ੍ਰਾਪਤ ਹੈ। ਪ੍ਰੋ: ਗੁਰਦੀਪ ਸਿੰਘ ਢਿੱਲੋਂ ਅਤੇ ਡਾ: ਭੁਪਿੰਦਰ ਸਿੰਘ ਬੇਦੀ ਵਲੋਂ ਪਰਚੇ ਪੜ੍ਹੇ ਗਏ। ਅਮਰਜੀਤ ਸਿੰਘ ਮਾਨ ਅਤੇ ਅਨੇਮਨ ਸਿੰਘ ਨੇ ਆਪਣੀਆਂ ਕਹਾਣੀਆਂ ਪੜ੍ਹੀਆਂ ਜਦਕਿ ਡਾ: ਹਰੀਸ਼ ਨੇ ਸਿਮਰਤੀ ਕਹਾਣੀ ਵਜੋਂ ਅਣਖੀ ਦੀ ਕਹਾਣੀ ਪੜ੍ਹੀ। ਉਪਰੰਤ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਅਤੇ ਲੋਕ ਰੰਗ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ ਵਲੋਂ ਅਜਮੇਰ ਸਿੰਘ ਅਤੇ ਅਨੇਮਨ ਸਿੰਘ ਵਲੋਂ ਪੜ੍ਹੀਆਂ ਕਹਾਣੀਆਂ ’ਤੇ ਆਲੋਚਨਾਤਮਿਕ ਟਿੱਪਣੀਆਂ ਪੇਸ਼ ਕੀਤੀਆਂ ਗਈਆਂ। ਦੀਪ ਜਗਦੀਪ ਸਿੰਘ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਜਗਸੀਰ ਸਿੰਘ ਸੰਧੂ, ਅਵਤਾਰ ਸਿੰਘ ਚੀਮਾ, ਭੁਪਿੰਦਰ ਸਿੰਘ ਮਾਨ, ਪਰਮਜੀਤ ਸਿੰਘ ਮਾਨ, ਹਾਕਮ ਸਿੰਘ ਰੂੜੇਕੇ, ਪਵਨ ਪਰਿੰਦਾ, ਇਕਬਾਲ ਕੌਰ ਉਦਾਸੀ, ਨਰਿੰਦਰ ਕੌਰ, ਜੁਗਰਾਜ ਧੌਲਾ, ਜਗਤਾਰ ਸਿੰਘ ਬੈਂਸ, ਲਛਮਣ ਦਾਸ ਮੁਸਾਫ਼ਿਰ, ਮਨਜੀਤ ਸਿੰਘ ਸਾਗਰ, ਬਲਜੀਤ ਸਿੰਘ ਅਕਲੀਆ, ਅਮਰਜੀਤ ਸਿੰਘ ਅਮਨ, ਗੁਲਜ਼ਾਰ ਸਿੰਘ ਸ਼ੌਂਕੀ, ਬ੍ਰਿਜ ਲਾਲ ਧਨੌਲਾ, ਮੇਜਰ ਸਿੰਘ ਸਹੌਰ, ਮਲਕੀਤ ਗਿੱਲ ਭੱਠਲਾਂ, ਇਕਬਾਲ ਦੀਨ ਬਾਠਾਂ, ਕੁਲਦੀਪ ਸਿੰਘ ਸਾਦਿਕ ਪਬਲੀਕੇਸ਼ਨ, ਡਾ: ਪ੍ਰਗਟ ਸਿੰਘ ਟਿਵਾਣਾ, ਰਘਵੀਰ ਸਿੰਘ ਗਿੱਲ ਕੱਟੂ ਤੋਂ ਇਲਾਵਾ ਕਾਲਜ ਦੇ ਪ੍ਰੋ: ਹਰਪ੍ਰੀਤ ਕੌਰ (ਮੁਖੀ ਪੰਜਾਬੀ ਵਿਭਾਗ), ਪ੍ਰੋ: ਗੁਰਪਿਆਰ ਸਿੰਘ ਚਹਿਲ, ਪ੍ਰੋ: ਗੁਰਤੇਜ ਸਿੰਘ ਕੱਟੂ, ਪ੍ਰੋ: ਮਨਦੀਪ ਸਿੰਘ ਧਨੌਲਾ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਦੇ ਕਲਰਕ ਸੰਦੀਪ ਕੌਰ ਅਤੇ ਕਰਮਚਾਰੀ ਗੁਰਪ੍ਰੀਤ ਕੌਰ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿਚ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਵਿਭਾਗੀ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ।