ਤਪਾ ਮੰਡੀ, 6 ਦਸੰਬਰ (ਪ੍ਰਵੀਨ ਗਰਗ)-ਸਾਨੂੰ ਹਮੇਸ਼ਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਦੁਆਵਾਂ ਲੈਣੀਆਂ ਚਾਹੀਦੀਆਂ ਹਨ, ਕਿਉਂਕਿ ਦਇਆ ਧਰਮ ਦਾ ਮੂਲ ਹੈ | ਇਹ ਵਿਚਾਰ ਪ੍ਰਜਾਪਿਤਾ ਈਸ਼ਵਰੀਯ ਵਿਸ਼ਵ ਵਿਦਿਆਲਿਆ ਆਸ਼ਰਮ ਤਪਾ ਦੀ ਸੰਚਾਲਕਾ ਬ੍ਰਹਮਾ ਕੁਮਾਰੀ ਭੈਣ ਊਸ਼ਾ ਨੇ ਬ੍ਰਹਮਾ ਕੁਮਾਰੀ ਆਸ਼ਰਮ ਮਾਡਲ ਟਾਊਨ ਵਿਖੇ ਹਾਜ਼ਰ ਪਤਵੰਤਿਆਂ ਨੂੰ ਕੀਤੇ | ਉਨ੍ਹਾਂ ਆਖਿਆ ਕਿ ਜਦੋਂ ਕੋਈ ਵੀ ਵਿਅਕਤੀ ਬਜ਼ੁਰਗ ਹੋ ਜਾਂਦਾ ਹੈ ਤਾਂ ਉਸ ਦਾ ਦਿਮਾਗ਼ ਇਕ ਬੱਚੇ ਦੇ ਭਾਂਤੀ ਹੋ ਜਾਂਦਾ ਹੈ, ਜਿਸ ਤਹਿਤ ਬਜ਼ੁਰਗ ਭਾਵੇਂ ਗ਼ੁੱਸੇ 'ਚ ਕੁੱਝ ਕਹਿ ਵੀ ਦੇਣ ਤਾਂ ਸਾਨੂੰ ਉਨ੍ਹਾਂ ਨਾਲ ਗ਼ੁੱਸਾ ਨਹੀਂ ਕਰਨਾ ਚਾਹੀਦਾ ਬਲਕਿ ਬੜੇ ਹੀ ਪਿਆਰ ਨਾਲ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਦਾ ਮਨੋਬਲ ਵੱਧ ਜਾਂਦਾ ਹੈ | ਉਨ੍ਹਾਂ ਹਾਜ਼ਰੀਨ ਨੂੰ ਇਕ ਪੰਕਤੀ 'ਕਾਂਪਤੇ ਹਾਥੋਂ ਨੇ ਜਬ ਸਿਰ ਪੇ ਹਾਥ ਰਖਾ' ਨਾ ਜਾਣੇ ਜ਼ਮਾਨੇ ਕੀ ਕਿਤਨੀ ਦੌਲਤ ਹਮੇ ਮਿਲ ਗਈ' ਦਾ ਅਰਥ ਸਮਝਾਉਂਦਿਆਂ ਕਿਹਾ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਨਾਲ ਮਨੁੱਖ ਦੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਅਤੇ ਪ੍ਰਭੂ ਦਾ ਆਸ਼ੀਰਵਾਦ ਵੀ ਉਸ ਮਨੁੱਖ ਨਾਲ ਹਮੇਸ਼ਾ ਬਣਿਆ ਰਹਿੰਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਬੱਚਿਆਂ ਨੂੰ ਪੁਰਾਤਨ ਸਭਿਅਤਾ ਦੇ ਸੰਸਕਾਰ ਦੇਣੇ ਚਾਹੀਦੇ ਹਨ | ਇਸ ਮੌਕੇ ਕੋਆਰਡੀਨੇਟਰ ਡਾਕਟਰ ਲੇਖ ਰਾਜ ਅਤੇ ਭੈਣ ਕਾਂਤਾ ਨੇ ਮੋਬਾਈਲ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਅੰਤ ਵਿਚ ਬ੍ਰਹਮਾ ਕੁਮਾਰੀ ਭੈਣ, ਊਸ਼ਾ ਭੈਣ ਕਾਂਤਾ ਤੇ ਡਾਕਟਰ ਲੇਖ ਰਾਜ ਵਲੋਂ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਗਈ | ਸਮਾਗਮ ਉਪਰੰਤ ਬ੍ਰਹਮ ਭੋਜ ਦਾ ਆਯੋਜਨ ਕੀਤਾ ਗਿਆ |