ਸ਼ਹਿਣਾ, 6 ਦਸੰਬਰ (ਸੁਰੇਸ਼ ਗੋਗੀ)-ਸੀਨੀਅਰ ਕਾਂਗਰਸੀ ਆਗੂ ਸੁਰਜੀਤ ਰਾਮ ਭਗਤਪੁਰਾ ਦੀ ਪਤਨੀ ਮਨਜੀਤ ਕੌਰ ਨੂੰ ਕਾਂਗਰਸ ਪਾਰਟੀ ਵਲੋਂ ਉਗੋਕੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਵਜੋਂ ਮੈਦਾਨ ਵਿਚ ਲਿਆਂਦਾ ਗਿਆ ਹੈ | ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਭਗਤਪੁਰਾ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ | ਉਨ੍ਹਾਂ ਮੁਹੰਮਦ ਸਦੀਕ ਦੇ ਮੁਕਾਬਲੇ ਰੋਸ ਵਜੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਸੀ, ਪਰ ਬਾਅਦ ਵਿਚ ਮੁਹੰਮਦ ਸਦੀਕ ਦੁਆਰਾ ਉਨ੍ਹਾਂ ਨਾਲ ਰਾਬਤਾ ਕਾਇਮ ਕਰਨ ਉਪਰੰਤ ਸੁਰਜੀਤ ਸਿੰਘ ਮੈਦਾਨ ਵਿਚੋਂ ਹਟ ਗਏ ਸਨ ਅਤੇ ਮੁਹੰਮਦ ਸਦੀਕ ਦੀ ਚੋਣ ਮੁਹਿੰਮ ਵਿਚ ਦਿਨ-ਰਾਤ ਇਕ ਕਰ ਕੇ ਜਿੱਤ ਤੱਕ ਸੰਘਰਸ਼ ਕੀਤਾ | ਉਸ ਉਪਰੰਤ ਪਿਰਮਲ ਸਿੰਘ ਧੌਲਾ ਤੇ ਕਾਂਗਰਸ ਵਿਚ ਆ ਜਾਣ 'ਤੇ ਸੁਰਜੀਤ ਸਿੰਘ ਭਗਤਪੁਰਾ ਨਾਲ ਨੇੜਤਾ ਰਹੀ | ਨਿਰਮਲ ਸਿੰਘ ਨਿੰਮਾ ਸਾਬਕਾ ਵਿਧਾਇਕ ਨੂੰ ਕਾਂਗਰਸ ਪਾਰਟੀ ਵਲੋਂ ਟਿਕਟ ਦਿੱਤੇ ਜਾਣ 'ਤੇ ਮੂਹਰਲੀ ਕਤਾਰ ਵਿਚ ਅੱਗੇ ਲੱਗ ਕੇ ਤੁਰੇ ਅਤੇ ਬਾਅਦ ਵਿਚ ਟਿਕਟ ਕੱਟੇ ਜਾਣ 'ਤੇ ਪਾਰਟੀ ਖ਼ਿਲਾਫ਼ ਰੋਸ ਵੀ ਜ਼ਾਹਰ ਕੀਤਾ | ਪਿਛਲੇ ਸਮੇਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਦੌਰਾਨ ਵੀ ਕਾਂਗਰਸ ਪਾਰਟੀ ਦਾ ਝੰਡਾ ਚੱੁਕਿਆ | ਪਾਰਟੀ ਵਲੋਂ ਸੁਰਜੀਤ ਸਿੰਘ ਭਗਤਪੁਰਾ ਨੂੰ ਬਾਜ਼ੀਗਰ ਸੈਲ ਦਾ ਆਗੂ ਬਣਾਇਆ ਗਿਆ ਹੈ | ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਵਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਦੇ ਚੱਲਦਿਆਂ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਸਿਫ਼ਾਰਿਸ਼ ਤੇ ਸੁਰਜੀਤ ਸਿੰਘ ਭਗਤਪੁਰਾ ਦੀ ਪਤਨੀ ਮਨਜੀਤ ਕੌਰ ਨੂੰ ਜ਼ਿਲ੍ਹਾ ਪ੍ਰੀਸ਼ਦ ਲਈ ਉਗੋਕੇ ਜ਼ੋਨ ਤੋਂ ਚੋਣ ਲੜਾਈ ਜਾ ਰਹੀ ਹੈ | ਸੁਰਜੀਤ ਸਿੰਘ ਭਗਤਪੁਰਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਧੜੇਬੰਦੀ ਵਿਚ ਉਹ ਕਦੇ ਨਹੀਂ ਪਏ | ਜਿਸ ਲਈ ਕਾਂਗਰਸ ਪਾਰਟੀ ਵਲੋਂ ਹਲਕੇ ਦੀ ਕਮਾਂਡ ਸੰਭਾਲਣ ਲਈ ਤੁਰੇ ਸਮੁੱਚੇ ਆਗੂ ਉਸ ਦੀ ਚੋਣ ਮੁਹਿੰਮ ਦਾ ਹਿੱਸਾ ਬਣ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ 7 ਦਸੰਬਰ ਤੋਂ ਬਾਅਦ ਪਿੰਡਾਂ ਵਿਚ ਚੋਣ ਪ੍ਰਚਾਰ ਤੇਜ਼ ਕੀਤਾ ਜਾਵੇਗਾ |